ਨਵੀਂ ਦਿਲੀ16 ਫਰਵਰੀ ਦਿੱਲੀ ਵਾਸੀਆਂ ਲਈ ਖ਼ਾਸ ਕਰਕੇ ਆਮ ਆਦਮੀ ਪਾਰਟੀ ਲਈ ਇਕ ਇਤਿਹਾਸਕ ਦਿਨ ਬਣਨ ਜਾ ਰਿਹਾ ਹੈ, ਕਿਉਂ ਕਿ ਇਸ ਦਿਨ 'ਆਪ' ਤੀਜੀ ਵਾਰ ਦਿੱਲੀ ਦੀ ਸੱਤਾ 'ਤੇ ਕਾਬਜ ਹੋਣ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ 16 ਫਰਵਰੀ ਨੂੰ ਆਪਣੇ ਮੰਤਰੀ ਮੰਡਲ ਸਮੇਤ ਮੁੱਖ ਮੰਤਰੀ ਅਹੁਦੇ ਦੀ ਸਹੁੰ  ਦਿੱਲੀ ਦੇ ਰਾਮ ਲੀਲਾ ਮੈਦਾਨ 'ਚ ਚੁੱਕਣਗੇ।

ਕੇਜਰੀਵਾਲ ਦੇ ਰਾਜਨੀਤਿਕ ਸਫਰ ਦਾ ਦਿੱਲੀ ਦੇ ਇਸ ਰਾਮ ਲੀਲਾ ਮੈਦਾਨ ਨਾਲ ਖਾਸ ਰਿਸ਼ਤਾ ਹੈ, ਉਹ ਏਸੇ ਹੀ ਮੈਦਾਨ 'ਚ ਅੰਨਾ ਹਜ਼ਾਰੇ ਨਾਲ ਅੰਦੋਲਨ 'ਚ ਸ਼ਾਮਲ ਹੋਏ ਸਨ ਤੇ ਇਸ ਤੋਂ ਬਾਅਦ ਉਨਾਂ ਨੇ ਸਾਲ 2013 'ਚ ਪਹਿਲੀ ਵਾਰ ਅਤੇ ਸਾਲ 2015 'ਚ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ ਉਨਾਂ ਏਸੇ ਹੀ ਮੈਦਾਨ 'ਚ ਚੁੱਕੀ ਸੀ। ਹੁਣ ਤੀਜੀ ਵਾਰ ਵੀ ਕੇਜਰੀਵਾਲ ਰਾਮ ਲੀਲਾ ਮੈਦਾਨ 'ਚ ਹੀ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ।

ਇਸ ਸਹੁੰ ਚੁੱਕ ਸਮਾਗਮ ਨੂੰ ਲੈਕੇ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ। ਕੇਜਰੀਵਾਲ ਨੇ ਪੂਰੀ ਦਿੱਲੀ ਨੂੰ ਇਸ ਸਮਾਗਮ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਤੇ 50 ਹਜ਼ਾਰ ਦੇ ਕਰੀਬ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਜਿਨਾਂ ਲਈ 45 ਹਜ਼ਾਰ ਕੁਰਸੀਆਂ ਲਗਾਈਆਂ ਜਾ ਰਹੀਆਂ ਹਨ। ਪੂਰੇ ਮੈਦਾਨ 'ਚ ਸਾਊਂਡ ਸਿਸਟਮ ਲਗਾਇਆ ਜਾਵੇਗਾ। ਲੋਕਾਂ ਨੂੰ ਸਹੁੰ ਚੁੱਕ ਸਮਾਗਮ ਵੇਖਣ 'ਚ ਕੋਈ ਅੜਿੱਕਾ ਨਾ ਆਵੇ ਇਸ ਲਈ ਟੈਂਟ ਨਹੀ ਲਗਾਇਆ ਜਾਵੇਗਾ। ਦੂਰ ਬੈਠੇ ਲੋਕਾਂ ਦੀ ਸਹੂਲਤ ਲਈ ਮੈਦਾਨ '12 ਵੱਡੀਆਂ ਐਲ ਈ ਡੀ ਸਕ੍ਰੀਨ ਲਗਾਈਆਂ ਜਾ ਰਹੀਆਂ ਹਨ। ਸਰਕਾਰੀ ਅਧਿਕਾਰੀਆਂ, ਵਿਧਾਇਕਾਂ ਤੇ ਉਨਾਂ ਦੇ ਪਰਿਵਾਰਾਂ ਦੇ ਬੈਠਣ ਲਈ ਸਟੇਜ ਦੇ ਸਾਹਮਣੇ ਵੱਖਰੀ ਥਾਂ ਰੱਖੀ ਗਈ ਹੈ।