ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇੱਕ ਵਾਰ ਫਿਰ ਸੂਬੇ ‘ਚ ਵਧ ਰਹੇ ਕੋਰੋਨਾ ਦੇ ਮਰੀਜ਼ਾਂ ਲਈ ਦਿੱਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਨਿਲ ਵਿੱਜ ਨੇ ਕਿਹਾ ਕਿ ਦਿੱਲੀ ਕਾਰਨ ਹਰਿਆਣਾ ‘ਚ ਕੋਰੋਨਾ ਦੇ ਮਰੀਜ਼ ਵਧ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣੇ ਦੇ ਲੋਕ, ਜੋ ਦਿੱਲੀ ‘ਚ ਨੌਕਰੀ ਕਰਦੇ ਹਨ, ਪਾਸ ਹੋਣ ਤੋਂ ਬਾਅਦ ਹਰ ਰੋਜ਼ ਉੱਥੋਂ ਆਉਂਦੇ ਹਨ। ਅਜਿਹੇ ਲੋਕ ਕੋਰੋਨਾ ਕੈਰੀਅਰ ਬਣੇ। ਇਸ ਦੇ ਮੱਦੇਨਜ਼ਰ ਵਿਜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ, ਜਿਸ ‘ਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਕਰਮਚਾਰੀਆਂ ਦੀ ਰਾਜਧਾਨੀ ਵਿੱਚ ਰਹਿਣ ਦਾ ਪ੍ਰਬੰਧ ਕਰਨ। ਵਿਜ ਨੇ ਕਿਹਾ, ਪਹਿਲਾਂ ਤਬਲੀਗੀ ਜਮਾਤ ਦੇ ਲੋਕ ਦਿੱਲੀ ਤੋਂ ਹਰਿਆਣਾ ਆਏ, ਜਿਨ੍ਹਾਂ ਵਿੱਚੋਂ 120 ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸੋਨੀਪਤ ਵਿੱਚ 9 ਅਜਿਹੇ ਲੋਕਾਂ ਨੂੰ ਕੋਰੋਨਾ ਹੋਇਆ ਜੋ ਦਿੱਲੀ ਤੋਂ ਆਏ ਸੀ। ਪਾਣੀਪਤ ‘ਚ ਇੱਕ ਦਿੱਲੀ ਮੁਲਾਜ਼ਮ ਦੀ ਭੈਣ ਨੂੰ ਕੋਰੋਨਾ ਮਿਲਿਆ, ਜੋ ਸਮਾਲਖਾ ਥਾਣੇ ‘ਚ ਇੱਕ ਸਬ ਇੰਸਪੈਕਟਰ ਹੈ, ਜਿਸ ਤੋਂ ਬਾਅਦ ਉਸਦੇ ਪੂਰੇ ਪਰਿਵਾਰ ਨੂੰ ਕੋਰੋਨਾ ਇਨਫੈਕਸ਼ਨ ਹੋ ਗਿਆ ਤੇ ਪੂਰੇ ਸਮਾਲਖਾ ਥਾਣੇ ਨੂੰ ਕੁਆਰੰਟਿਨ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਅਨਿਲ ਵਿਜ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਹਰਿਆਣਾ ‘ਚ ਰਹਿੰਦੇ ਆਪਣੇ ਕਰਮਚਾਰੀਆਂ ਨੂੰ ਪਾਸ ਜਾਰੀ ਨਾ ਕਰੇ, ਬਲਕਿ ਉਨ੍ਹਾਂ ਦੇ ਦਿੱਲੀ ‘ਚ ਹੀ ਰਹਿਣ ਦਾ ਪ੍ਰਬੰਧ ਕਰੇ। ਦੱਸ ਦਈਏ ਕਿ ਦਿੱਲੀ ਵਿੱਚ ਹਰਿਆਣਾ ਨਾਲੋਂ ਕਾਫ਼ੀ ਜ਼ਿਆਦਾ ਕੋਰੋਨਾ ਕੇਸ ਹਨ। ਹਰਿਆਣਾ ਵਿੱਚ ਹੁਣ ਤੱਕ ਕੁੱਲ 289 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ 176 ਵਿਅਕਤੀ ਠੀਕ ਹੋਏ, ਜਦਕਿ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ।