ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਕੌਂਸਲਰ ਤਾਹਿਰ ਹੁਸੈਨ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਵੀ ਦਰਜ ਕੀਤਾ ਹੈ। ਤਾਹਿਰ ਹੁਸੈਨ ਖ਼ਿਲਾਫ਼ ਪੀਐਫਆਈ ਨਾਲ ਜੁੜੇ ਹੋਣ ਦਾ ਸ਼ੱਕ ਹੈ। ਪੀਐਫਆਈ ਖਿਲਾਫ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਹਿੰਸਾ ਨਾਲ ਜੁੜੇ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਸੋਮਵਾਰ ਨੂੰ ‘ਆਪ’ ਤੋਂ ਮੁਅੱਤਲ ਕੀਤੇ ਗਏ ਕੌਂਸਲਰ ਤਾਹਿਰ ਹੁਸੈਨ ਦੇ ਭਰਾ ਸ਼ਾਹ ਆਲਮ ਸਣੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਤਾਹਿਰ ਹੁਸੈਨ ਦੇ ਭਰਾ ਸ਼ਾਹ ਆਲਮ ਨੂੰ ਅੱਜ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਸ਼ਾਹ ਆਲਮ ਨੂੰ ਪਨਾਹ ਦੇਣ ਵਾਲੇ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਹਿੰਸਾ ਨਾਲ ਜੁੜੇ ਕਈ ਮਾਮਲਿਆਂ ਵਿੱਚ ਪੁਲਿਸ ਸ਼ਾਹ ਆਲਮ ਤੋਂ ਪੁੱਛਗਿੱਛ ਕਰ ਰਹੀ ਹੈ। ਸ਼ਾਹ ਆਲਮ 'ਤੇ ਚਾਂਦਬਾਗ ਹਿੰਸਾ 'ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ।
ਦੰਗਿਆਂ ਦੌਰਾਨ ਖੁਫੀਆ ਮੁਲਾਜ਼ਮ ਅੰਕਿਤ ਸ਼ਰਮਾ ਦੇ ਕਤਲ ਵਿੱਚ ਆਤਮ ਸਮਰਪਣ ਦੀ ਅਰਜ਼ੀ ਰੱਦ ਕਰਨ ਤੋਂ ਬਾਅਦ ਵੀਰਵਾਰ ਨੂੰ ਤਾਹਿਰ ਹੁਸੈਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਸ਼ਰਮਾ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਤਾਹਿਰ ਹੁਸੈਨ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਹਾਲਾਂਕਿ ਹੁਸੈਨ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਤੋਂ ਇਲਾਵਾ ਦੰਗਾ ਭੜਕਾਉਣ ਸਮੇਤ ਦੋ ਹੋਰ ਕੇਸ ਦਰਜ ਹਨ। ਜਾਂਚ ਟੀਮ ਵੱਲੋਂ ਤਾਹਿਰ ਹੁਸੈਨ ਦਾ ਪਿਸਤੌਲ ਵੀ ਬਰਾਮਦ ਕਰ ਲਈ ਹੈ।