ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੌਜਪੁਰ 'ਚ ਪੱਥਰਬਾਜ਼ੀ ਹੋਈ ਹੈ। ਮੌਜਪੁਰ ਜਾਫਰਾਬਾਦ ਨਜ਼ਦੀਕ ਹੈ, ਜਿੱਥੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਜਾਫਰਾਬਾਦ 'ਚ ਹੋ ਰਹੇ ਪ੍ਰਦਰਸ਼ਨ ਦੇ ਵਿਰੋਧ 'ਚ ਮੌਜਪੁਰ 'ਚ ਪ੍ਰਦਰਸ਼ਨ ਹੋ ਰਹੇ ਹਨ।


ਦੱਸਿਆ ਜਾ ਰਿਹਾ ਹੈ ਕਿ ਸੀਏਏ ਦੇ ਸਮਰਥਕਾਂ ਤੇ ਵਿਰੋਧੀਆਂ ਦਰਮਿਆਨ ਪੱਥਰਬਾਜ਼ੀ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹਾਲਾਤ 'ਤੇ ਕਾਬੂ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ।


ਉੱਧਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਵੀ ਅੱਜ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲੇ। ਇਸ ਦੌਰਾਨ ਵੀ ਪਥਰਬਾਜ਼ੀ ਦੀ ਖ਼ਬਰ ਸਾਹਮਣੇ ਆਈ। ਪੁਲਿਸ ਦੀਆਂ ਕੁੱਝ ਗੱਡੀਆਂ ਦੀ ਤੋੜਭੰਨ ਕੀਤੀ ਗਈ ਤੇ ਕੁਝ ਪੁਲਿਸ ਕਰਮੀ ਜ਼ਖਮੀ ਵੀ ਹੋ ਗਏ। ਹਾਲਾਤ 'ਤੇ ਕਾਬੂ ਪਾਉਣ ਲਈ ਪੁਲਿਸ ਵਲੋਂ ਲਾਠੀਚਾਰਜ ਵੀ ਕੀਤਾ ਗਿਆ।

ਦੱਸ ਦਈਏ ਕਿ ਦਿੱਲੀ ਦੇ ਸ਼ਾਹੀਨ ਬਾਗ 'ਚ ਪਿਛਲੇ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਸੀਏਏ ਖ਼ਿਲਾਫ ਲੋਕ ਧਰਨੇ 'ਤੇ ਬੈਠੇ ਹੋਏ ਹਨ।