ਚੰਡੀਗੜ੍ਹ: ਡੇਰਾ ਸਿਰਸਾ ਵਿੱਚ ਘੁੰਮ ਰਹੇ 59 ਵਾਹਨਾਂ ਵਿੱਚੋਂ ਸੀ 56 ਬਿਨਾ ਨੰਬਰ ਤੋਂ ਹੀ ਸੀ। ਇਨ੍ਹਾਂ ਵਾਹਨਾਂ ਦਾ ਮਾਲਕ ਕੌਣ ਹੈ ਤੇ ਇਨ੍ਹਾਂ ਤੋਂ ਕੀ ਕੰਮ ਲਿਆ ਜਾਂਦਾ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਕੋਰਟ ਕਮਿਸ਼ਨਰ ਏ.ਕੇ. ਪਵਾਰ ਵੱਲੋਂ ਡੇਰੇ ਦੀ ਕੀਤੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣਏ ਆਈ ਕਿ ਗੱਡੀਆਂ ਦੇ ਇੰਜਨ ਨੰਬਰ ਤੇ ਚੈਸੀ ਨੰਬਰ ਗਾਇਬ ਹਨ।

ਡੇਰੇ ਵਿੱਚੋਂ ਮਿਲੀਆਂ 56 ਬਿਨ੍ਹਾਂ ਨੰਬਰ ਗੱਡੀਆਂ ਨੇ ਡੇਰੇ ਦੀ ਮੈਨਜਮੈਂਟ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਗਏ ਕੋਰਟ ਕਮਿਸ਼ਨਰ ਏ.ਕੇ. ਪਾਵਰ ਦੇ ਦੌਰੇ ਦੌਰਾਨ ਕੁੱਲ 59 ਗੱਡੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਵਿੱਚੋਂ 56 ਗੱਡੀਆਂ ਬਿਨ੍ਹਾਂ ਇੰਜਣ ਨੰਬਰ ਤੇ ਬਿਨ੍ਹਾਂ ਚਾਸੀ ਨੰਬਰ ਤੋਂ ਹਨ। ਇਨ੍ਹਾਂ 56 ਵਿੱਚ 6 ਗੱਡੀਆਂ ਇਹੋ ਜਿਹੀਆਂ ਹਨ ਜੋ ਬਿਨ੍ਹਾਂ ਰਜਿਸਟ੍ਰੇਸ਼ਨ ਨੰਬਰ ਦੇ ਮਿਲੀਆਂ।

ਆਖਰ ਡੇਰੇ ਵਿੱਚ ਇਹ ਬਿਨ੍ਹਾਂ ਨੰਬਰ ਗੱਡੀਆਂ ਨੂੰ ਕਿਸ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ। ਜਦੋਂ ਏ.ਕੇ. ਪਵਾਰ ਨੇ ਇਨ੍ਹਾਂ ਗੱਡੀਆਂ ਦੀ ਜਾਣਕਾਰੀ ਆਰ.ਟੀ.ਏ. ਤੋਂ ਮੰਗੀ ਤਾਂ ਕਮਿਸ਼ਨਰ ਦੇ ਹੱਥ ਕੁਝ ਨਹੀਂ ਲੱਗਿਆ। ਇਨ੍ਹਾਂ ਵਾਹਨਾਂ ਵਿੱਚ ਟਰੈਕਟਰ, ਟਰੱਕ, ਜੀਪ ਦੇ ਨਾਲ ਹੀ ਇੱਕ ਲਾਲ ਰੰਗ ਦੀ ਔਡੀ ਵੀ ਸ਼ਾਮਲ ਹੈ। ਇਸ ਦਾ ਰਜਿਸਟ੍ਰੇਸ਼ਨ ਨੰਬਰ HR 24 Y 1515 ਹੈ ਪਰ ਇੰਜਣ ਨੰਬਰ ਤੇ ਚੈਸੀ ਨੰਬਰ ਗਾਇਬ ਹੈ। ਵੱਡਾ ਸਵਾਲ ਇਹ ਵੀ ਹੈ ਕਿ ਆਖਰ ਲਗਜ਼ਰੀ ਔਡੀ ਗੱਡੀ ਕਿਸ ਲਈ ਰੱਖੀ ਸੀ? ਇਸ ਨੂੰ ਕੌਣ ਵਰਤਦਾ ਸੀ?

ਪਵਾਰ ਨੇ ਆਪਣੀ ਰਿਪੋਰਟ ਵਿੱਚ ਇਹ ਕਿਹਾ ਹੈ ਕਿ ਇਹ ਗੱਡੀਆਂ ਚੋਰੀ ਦੀਆਂ ਵੀ ਹੋ ਸਕਦੀਆਂ ਹਨ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਰੱਖੀਆਂ ਹੋ ਸਕਦੀਆਂ ਹਨ। ਸਿਰਸਾ ਪੁਲਿਸ ਤੇ ਪ੍ਰਸ਼ਾਸ਼ਨ ਨੂੰ ਬਣਦੀ ਕਾਰਵਾਈ ਕਰਨ ਦੀ ਵੀ ਖੁੱਲ੍ਹ ਦੇ ਦਿਤੀ ਹੈ। ਹੁਣ ਸਿਰਸਾ ਪੁਲਿਸ ਤੇ ਪ੍ਰਸ਼ਾਸ਼ਨ 'ਤੇ ਨਜ਼ਰ ਹੋਏਗੀ ਕਿ ਆਖਰ ਉਹ ਇਸ 'ਤੇ ਕੀ ਕਾਰਵਾਈ ਕਰਦੇ ਹਨ।