ਲਹਿਰਾਗਾਗਾ: ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਗੀ ਹੋਏ ਘਰ ਦੇ ਭੇਤੀ ਪੋਲ ਖੋਲ੍ਹਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਤੋਂ 'ਸਿਧਾਂਤਾਂ ਦੀ ਲੜਾਈ' ਦੇ ਨਾਂ 'ਤੇ ਬਗਾਵਤ ਕਰ ਚੁੱਕੇ ਢੀਂਡਸਾ ਪਰਿਵਾਰ ਹੁਣ ਖੁੱਲ੍ਹ ਕੇ ਬਾਦਲ ਪਰਿਵਾਰ ਖਿਲਾਫ ਬੋਲਣ ਲੱਗਾ ਹੈ। ਅਕਾਲੀ ਦਲ ਵਿੱਚੋਂ ਮੁਅੱਤਲ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਤੇ ਕਾਂਗਰਸ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਬਦੀ ਕਾਂਡ 'ਤੇ ਅੱਜ ਤੱਕ ਕੋਈ ਕਾਰਵਾਈ ਨਾ ਹੋਣਾ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਆਪਸ ਵਿੱਚ ਮਿਲੇ ਹੋਏ ਹਨ ਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ।


ਲਹਿਰਾਗਾਗਾ 'ਚ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਆਪਣੇ ਮਿਸ਼ਨ "ਸਿਧਾਂਤਾਂ ਦੀ ਲੜਾਈ" ਨਾਲ ਕੋਈ ਸਮਝੌਤਾ ਨਹੀਂ ਕਰੇਗਾ, ਸ਼੍ਰੋਮਣੀ ਅਕਾਲੀ ਦਲ ਦਾ ਪੰਚ ਪ੍ਰਧਾਨੀ ਸਿਧਾਂਤ ਸੀ, ਜਿਸ ਤੋਂ ਅਕਾਲੀ ਦਲ ਡਿਕਟੇਟਰਸ਼ਿਪ ਕਰਕੇ ਭਟਕ ਗਿਆ। ਉਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲਹਿਰਾਗਾਗਾ ਤੋਂ ਸ਼ੁਰੂ ਹੋਇਆ ਇਹ ਮਿਸ਼ਨ ਸਮੁੱਚੇ ਪੰਜਾਬ 'ਚ ਲੋਕ ਲਹਿਰ ਦਾ ਰੂਪ ਧਾਰਨ ਕਰੇਗਾ।


ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨਾਲ ਕਿਸੇ ਵੀ ਕੀਮਤ 'ਤੇ ਸਮਝੌਤੇ ਦਾ ਸਵਾਲ ਹੀ ਨਹੀਂ। ਉਹ ਪਾਰਟੀ ਦੇ ਨੇਤਾਵਾਂ ਨੂੰ ਨਾਲ ਲੈ ਕੇ ਸਿਧਾਂਤਾਂ ਦੀ ਲੜਾਈ ਜਾਰੀ ਰੱਖਣਗੇ। ਢੀਂਡਸਾ ਨੇ ਅੱਗੇ ਕਿਹਾ ਕਿ ਸਰਨਾ ਭਰਾਵਾਂ ਤੇ ਹੋਰ ਟਕਸਾਲੀਆਂ ਵੱਲੋਂ 18 ਜਨਵਰੀ ਨੂੰ ਦਿੱਲੀ ਵਿਖੇ ਰੱਖੀ ਗਈ ਰੈਲੀ 'ਚ ਉਹ ਜ਼ਰੂਰ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਦਿੱਲੀ ਚੋਣਾਂ 'ਚ ਕਿਸੇ ਵੀ ਪਾਰਟੀ ਦਾ ਸਮਰਥਨ ਕਰਨ ਸਬੰਧੀ ਸਾਰੇ ਨੇਤਾਵਾਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਜਾਵੇਗਾ।

ਢੀਂਡਸਾ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਤੇ ਹੁਕਮਨਾਮੇ ਤੇ ਬਾਦਲਾਂ ਦੇ ਏਕਾਧਿਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਐਸਜੀਪੀਸੀ ਨੂੰ ਇਹ ਸਭ ਆਪਣੇ ਅਧਿਕਾਰ ਖੇਤਰ 'ਚ ਲੈਣਾ ਚਾਹੀਦਾ ਹੈ ਤੇ ਇਸ ਸਬੰਧੀ ਹਰ ਇੱਕ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਢੀਂਡਸਾ ਨੇ ਪ੍ਰੋਫੈਸਰ ਚੰਦੂਮਾਜਰਾ ਦੇ ਸਟੈਂਡ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੋਫੈਸਰ ਚੰਦੂਮਾਜਰਾ ਦੇ ਸਪੱਸ਼ਟੀਕਰਨ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ 'ਚ ਲੋਕਤੰਤਰ ਨਹੀਂ ਬਲਕਿ ਪਰਿਵਾਰਵਾਦ ਭਾਰੂ ਹੈ।