ਜਲੰਧਰ: ਪੰਜਾਬ ਦੇ ਕੌਮਾਂਤਰੀ ਡਰੱਗਸ ਰੈਕੇਟ ਦੀ ਜਾਂਚ ਕਰਨ ਵਾਲੇ ਇਨਫਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਿਰੰਜਣ ਸਿੰਘ ਵਿਭਾਗ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਚੱਲ ਰਹੇ ਸਨ। ਉਨ੍ਹਾਂ ਵੱਲੋਂ ਹਾਈਕੋਰਟ ਵਿੱਚ ਵੀ ਬਿਆਨ ਦਿੱਤਾ ਸੀ ਕਿ ਵਿਭਾਗ ਦੇ ਆਹਲਾ ਅਧਿਕਾਰੀ ਮੁਅੱਤਲ ਕਰਨ ਦੀ ਧਮਕੀ ਵੀ ਦਿੰਦੇ ਹਨ। ਨਿਰੰਜਣ ਸਿੰਘ, ਭੋਲਾ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੇ ਸਨ।


ਨਿਰੰਜਣ ਨੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ ਉਹ ਆਪਣੇ ਨਿਜੀ ਕਾਰਨਾਂ ਤੋਂ ਨੌਕਰੀ ਤੋਂ ਅਸਤੀਫ਼ਾ ਦੇ ਰਹੇ ਹਨ। ਉਪ-ਨਿਰਦੇਸ਼ਕ ਨੇ ਆਪਣਾ ਲਿਖਤੀ ਅਸਤੀਫ਼ਾ ਜਲੰਧਰ ਈਡੀ ਦਫ਼ਤਰ ਦੇ ਮੁਖੀ ਗਿਰੀਸ਼ ਬਾਲੀ ਨੂੰ ਸੌਂਪਿਆ ਹੈ। ਹੁਣ ਵਿਭਾਗ ਨੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਅਸਤੀਫ਼ੇ ਨੂੰ ਮਨਜ਼ੂਰ ਜਾਂ ਨਾ-ਮਨਜ਼ੂਰ ਕਰਨ ਦਾ ਫੈਸਲਾ ਲੈਣਾ ਹੈ।

ਅਸਤੀਫ਼ੇ ਵਿੱਚ ਇਹ ਸਾਫ਼ ਨਹੀਂ ਕੀਤਾ ਗਿਆ ਹੈ ਕਿ ਆਖਰਕਾਰ ਨੌਕਰੀ ਛੱਡਣ ਦਾ ਮੁੱਖ ਕਾਰਣ ਕੀ ਹੈ। ਨਿਰੰਜਣ ਸਿੰਘ ਉਹੀ ਅਫ਼ਸਰ ਹਨ, ਜਿਨ੍ਹਾਂ ਭੋਲਾ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਵੱਡੇ ਲੀਡਰ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ। ਨਿੰਰਜਣ ਸਿੰਘ ਨੇ ਪਿਛਲੇ ਹਫ਼ਤੇ ਮੁਹਾਲੀ ਅਦਾਲਤ ਵਿੱਚ ਕਿਹਾ ਸੀ ਕਿ ਮਜੀਠੀਆ ਨੇ ਪੁੱਛਗਿੱਛ ਦੌਰਾਨ ਪੂਰਾ ਸਹਿਯੋਗ ਨਹੀਂ ਸੀ ਦਿੱਤਾ।

ਸਾਲ 2015 ਦੀ ਸ਼ੁਰੂਆਤ ਵਿੱਚ ਡਰੱਗਸ ਕੇਸ ਵਿੱਚ ਮਜੀਠੀਆ ਦੀ ਜਾਂਚ ਦੌਰਾਨ ਨਿਰੰਜਣ ਸਿੰਘ ਦੀ ਬਦਲੀ ਜਲੰਧਰ ਤੋਂ ਕੋਲਕਾਤਾ (ਪੱਛਮੀ ਬੰਗਾਲ) ਵਿੱਚ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਬਦਲੀ ਦਾ ਮਸਲਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚਿਆ ਤੇ ਅਦਾਲਤ ਨੇ ਬਦਲੀ 'ਤੇ ਰੋਕ ਲਾ ਦਿੱਤੀ ਸੀ। ਨਾਲ ਹੀ ਡਰੱਗਸ ਕੇਸ ਦੇ ਜਾਂਚ ਅਧਿਕਾਰੀ ਵਜੋਂ ਵੀ ਉਨ੍ਹਾਂ ਨੂੰ ਹੀ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਸੀ। ਸਾਲ 2016 ਵਿੱਚ ਨਿਰੰਜਣ ਸਿੰਘ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਨਿਰਦੇਸ਼ਕ ਵਜੋਂ ਪਦਉੱਨਤ ਹੋਏ ਸਨ।

ਜ਼ਿਕਰਯੋਗ ਹੈ ਕਿ ਨਿਰੰਜਣ ਸਿੰਘ ਤਿੰਨ ਸਾਲਾਂ ਦਾ ਕਾਰਜਕਾਲ ਹਾਲੇ ਬਾਕੀ ਸੀ, ਪਰ ਉਨ੍ਹਾਂ ਵੱਲੋਂ ਨੌਕਰੀ ਤਿਆਗਣ ਦਾ ਫੈਸਲਾ ਕਈ ਸਵਾਲ ਖੜ੍ਹੇ ਕਰਦਾ ਹੈ। ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਭਰਾ ਨੂੰ ਪੁੱਛਗਿੱਛ ਲਈ ਇੱਕ ਵਾਰ ਸੰਮਣ ਕਰ ਚੁੱਕੇ ਹਨ ਤੇ ਦੂਜੀ ਵਾਰ ਕਰਨ ਦੀ ਤਿਆਰੀ ਸੀ ਪਰ ਹੁਣ ਉਨ੍ਹਾਂ ਦੇ ਨੌਕਰੀ ਤਿਆਗਣ ਦੇ ਫੈਸਲੇ ਕਾਰਨ ਲੱਗੀ ਅੱਗ ਜਲੰਧਰ ਤੋਂ ਲੈਕੇ ਦਿੱਲੀ ਤਕ ਪੁੱਜੇਗੀ।

ਵਧੇਰੇ ਜਾਣਕਾਰੀ ਲਈ ਦੇਖੋ ਵੀਡੀਓ -