ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਆਨਲਾਈਨ ਬਦਲੀਆਂ ਸਫਲ ਰਹੀਆਂ ਹਨ। ਹੁਣ ਤੱਕ ਕੋਈ ਵਿਵਾਦ ਸਾਹਮਣੇ ਨਹੀਂ ਆਇਆ। ਮਹਿਕਮੇ ਨੇ ਪਹਿਲੀ ਵਾਰ ਆਨਲਾਈਨ ਤਬਾਦਲਾ ਨੀਤੀ ਤਹਿਤ ਬਦਲੀਆਂ ਕੀਤੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੂਜੇ ਮਹਿਕਮਿਆਂ ਵਿੱਚ ਵੀ ਆਨਲਾਈਨ ਬਦਲੀਆਂ ਦੀ ਨੀਤੀ ਲਾਗੂ ਕਰਨ ਲਈ ਕਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਆਨਲਾਈਨ ਤਬਾਦਲਾ ਨੀਤੀ 2019 ਤਹਿਤ ਦੂਜੇ ਗੇੜ ਵਿੱਚ 1771 ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਹਨ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਮੁਤਾਬਕ ਆਨਲਾਈਨ ਤਬਾਦਲਾ ਨੀਤੀ ਕਾਮਯਾਬ ਰਹੀ ਹੈ।

ਉਨ੍ਹਾਂ ਆਨਲਾਈਨ ਬਦਲੀਆਂ ’ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਦੇ ਪਹਿਲੇ ਗੇੜ ਦੌਰਾਨ ਕਰੀਬ 11 ਹਜ਼ਾਰ ਅਧਿਆਪਕਾਂ ਨੇ ਆਪਣੀਆਂ ਬਦਲੀਆਂ ਸਬੰਧੀ ਆਨਲਾਈਨ ਅਪਲਾਈ ਕੀਤਾ ਸੀ। ਬੀਤੀ 30 ਜੁਲਾਈ ਨੂੰ 4551 ਅਧਿਆਪਕਾਂ ਦੀ ਬਦਲੀ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਆਨਲਾਈਨ ਬਦਲੀਆਂ ਦੇ ਦੂਜੇ ਗੇੜ ਤਹਿਤ ਅਪਲਾਈ ਕਰਨ ਲਈ ਅਧਿਆਪਕਾਂ ਨੂੰ 8 ਤੋਂ 10 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਇਸ ਅਧੀਨ 4646 ਅਧਿਆਪਕਾਂ ਨੇ ਬਦਲੀ ਲਈ ਅਪਲਾਈ ਕੀਤਾ ਸੀ। ਉਨ੍ਹਾਂ ਦੱਸਿਆ ਕਿ 1771 ਅਧਿਆਪਕਾਂ ਦੀ ਆਨਲਾਈਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਰ੍ਹਾਂ ਹੁਣ ਤੱਕ ਕੁੱਲ 6322 ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕੀਤੀਆਂ ਗਈਆਂ ਹਨ ਤੇ ਕਿਸੇ ਪਾਸਿਓਂ ਕੋਈ ਸ਼ਿਕਾਇਤ ਨਹੀਂ ਮਿਲੀ।

Education Loan Information:

Calculate Education Loan EMI