ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਅੱਜ ਗੋਲਡਨ ਜੁਬਲੀ ਤੇ ਡਿਗਰੀ ਵੰਡ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਰਹਾਜ਼ਰ ਰਹੇ। ਜਨਤਕ ਸਮਾਗਮਾਂ ਵਿੱਚੋਂ ਆਮ ਤੌਰ 'ਤੇ ਗ਼ੈਰਹਾਜ਼ਰ ਰਹਿਣ ਵਾਲੇ ਮੁੱਖ ਮੰਤਰੀ ਨੇ ਆਪਣੀ ਥਾਂ ਆਪਣੇ ਭਰਾ ਤੇ ਚਾਰ ਮੰਤਰੀਆਂ ਨੂੰ ਭੇਜ ਦਿੱਤਾ। ਯੂਨੀਵਰਸਿਟੀ ਵਿੱਚ ਗੋਲਡਨ ਜੁਬਲੀ ਕਨਵੋਕੇਸ਼ਨ ਸਮਾਗਮ ਦੌਰਾਨ 173 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਣੀਆਂ ਸਨ। ਇਸ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਪਹੁੰਚਣਾ ਸੀ। ਐਨ ਮੌਕੇ 'ਤੇ ਮੁੱਖ ਮੰਤਰੀ ਦਾ ਦੌਰਾ ਰੱਦ ਹੋ ਗਿਆ ਤੇ ਚਾਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਮੀਤ ਸਿੰਘ ਸੋਢੀ ਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਹਾਜ਼ਰੀ ਭਰੀ। ਯੂਨੀਵਰਸਿਟੀ ਨੇ ਵੀ ਕੈਪਟਨ ਦੀ ਥਾਂ ਉਨ੍ਹਾਂ ਦੇ ਭਰਾ ਰਣਧੀਰ ਸਿੰਘ ਨੂੰ ਮਾਣ ਵਜੋਂ ਭਾਵ ਆਨਰੇਰੀ ਡਾਕਟਰੇਟ ਦੀ ਡਿਗਰੀ ਦਿੱਤੀ। ਇਸ ਮਗਰੋਂ ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਜੀਐਨਡੀਯੂ ਨੇ ਪ੍ਰਸਿੱਧ ਵਿਗਿਆਨੀ ਤੇ ਅਮਰੀਕਾ ਦੇ ਰਹਿਣ ਵਾਲੇ ਡਾਕਟਰ ਗੁਰਤੇਜ ਸਿੰਘ ਸਿੱਧੂ ਨੂੰ ਵੀ ਡਾਕਟਰੇਟ ਦੀ ਡਿਗਰੀ ਦਿੱਤੀ ਗਈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਵਜ਼ੀਰ ਮੀਡੀਆ ਤੋਂ ਗੱਲਬਾਤ ਕਰਨ ਤੋਂ ਭੱਜਦੇ ਨਜ਼ਰ ਦਿਖਾਈ ਦਿੱਤੇ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਮੀਡੀਆ ਨੇ ਪੰਜਾਬ 'ਚ ਹੜ੍ਹ ਵਰਗੇ ਹਾਲਾਤ ਸਮੇਤ ਨਵਜੋਤ ਸਿੱਧੂ ਦੇ ਅਸਤੀਫ਼ੇ ਤੇ ਹਰਪ੍ਰੀਤ ਸਿੱਧੂ ਨੂੰ ਮੁੜ ਤੋਂ ਨਸ਼ਿਆਂ ਖ਼ਿਲਾਫ਼ ਬਣੀ ਐਸਟੀਐਫ ਦੇ ਮੁਖੀ ਲਾਏ ਜਾਣ ਸਬੰਧੀ ਕਈ ਸਵਾਲ ਪੁੱਛੇ ਪਰ ਉਹ ਜ਼ਿਆਦਾਤਰ ਸਵਾਲ ਟਾਲ ਗਏ। ਬਾਜਵਾ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਸਿੱਖਿਆ ਨੀਤੀ 'ਤੇ ਵੀ ਕਿਹਾ ਕਿ ਇਸ 'ਤੇ ਵਿਚਾਰ ਹੋਣੀ ਚਾਹੀਦੀ ਹੈ ਨਾ ਕਿ ਇਸ ਨੂੰ ਕਿਸੇ ਸੂਬੇ 'ਤੇ ਥੋਪਿਆ ਜਾਣਾ ਚਾਹੀਦਾ ਹੈ।

Education Loan Information:

Calculate Education Loan EMI