ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਵਿੱਚ ਕੁਝ ਅਧਿਆਪਕ ਲੋਹੜੀ ਮੰਗਣ ਗਏ ਪਰ ਉਨ੍ਹਾਂ ਦੀ ਝੋਲੀ ਪੁਲਿਸ ਕੇਸ ਪਏ ਹਨ। ਪੁਲਿਸ ਨੇ ਸਬ ਇੰਸਪੈਕਟਰ ਜਸਪਾਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਵਲ ਲਾਈਨ ਵਿਚ ਐਸਐਸਏ/ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਗਗਨ ਰਾਣੂ, ਅਧਿਆਪਕ ਆਗੂ ਅਤਿੰਦਰਪਾਲ ਸਿੰਘ ਘੱਗਾ, ਰਮਸਾ ਦੇ ਜ਼ਿਲ੍ਹਾ ਪ੍ਰਧਾਨ ਭਰਤ ਕੁਮਾਰ ਸਮੇਤ ਚਮਕੌਰ ਸਿੰਘ, ਤਰਸੇਮ ਸਿੰਘ ਤੇ ਦਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦਰਅਸਲ ਤਨਖਾਹ ਕਟੌਤੀ ਖਿਲਾਫ ਅਧਿਆਪਕਾਂ ਨੇ 13 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਤੋਂ ਲੋਹੜੀ ਮੰਗਣ ਦਾ ਪ੍ਰੋਗਰਾਮ ਉਲੀਕਿਆ ਸੀ। ਕੈਪਟਨ ਦੀ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਵੱਲ਼ ਵਧ ਰਹੇ ਅਧਿਆਪਕਾਂ ਤੇ ਪੁਲਿਸ ਦਰਮਿਆਨ ਖਿੱਚ ਧੂਹ ਹੋ ਗਈ ਸੀ। ਇਸ ਮਗਰੋਂ ਪੁਲਿਸ ਨੇ ਕਈ ਅਧਿਆਪਕ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਡਿਊਟੀ ਵਿੱਚ ਵਿਘਨ ਪਾਉਣ ਤੇ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਲਾਉਂਦਿਆਂ ਅਧਿਆਪਕ ਆਗੂਆਂ ਖ਼ਿਲਾਫ਼ ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 353, 186 ਤੇ 188 ਤਹਿਤ ਕੇਸ ਦਰਜ ਕੀਤਾ ਹੈ।

ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ, ਘਟਾਈਆਂ ਤਨਖ਼ਾਹਾਂ ਦੀ ਬਹਾਲੀ ਤੇ ਹੋਰ ਮੰਗਾਂ ਨੂੰ ਲੈ ਕੇ ਪਟਿਆਲਾ ਵਿੱਚ ਕਰੀਬ ਦੋ ਮਹੀਨੇ ਪੱਕਾ ਮੋਰਚਾ ਲਾਉਣ ਮਗਰੋਂ ਐਸਐਸਏ/ਰਮਸਾ ਤੇ ਟੀਚਰਜ਼ ਯੂਨੀਅਨ ਦੇ ਨੁਮਾਇੰਦਿਆਂ ਨੇ ਮੰਗਾਂ ਦੀ ਪੂਰਤੀ ਨਾ ਹੋਣ ਖ਼ਿਲਾਫ਼ 13 ਜਨਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਅੱਗੇ ਲੋਹੜੀ ਮੰਗਣ ਦਾ ਪ੍ਰੋਗਰਾਮ ਉਲੀਕਿਆ ਸੀ।

ਇਸ ਦੌਰਾਨ ਭਾਵੇਂ ਪੁਲਿਸ ਫੋਰਸ ਨੇ ਅਧਿਆਪਕਾਂ ਦੇ ਕਾਫ਼ਲੇ ਨੂੰ ਵਾਈਪੀਐਸ ਨੇੜੇ ਨਾਕਾ ਲਾ ਕੇ ਰੋਕ ਲਿਆ ਸੀ ਪਰ ਮੁਜ਼ਾਹਰਾਕਾਰੀ ਅਧਿਆਪਕ, ਪੁਲਿਸ ’ਤੇ ਭਾਰੂ ਪੈ ਗਏ ਤੇ ਨਾਕਾ ਤੋੜ ਕੇ ਅੱਗੇ ਲੰਘ ਗਏ। ਇਸ ਦੌਰਾਨ ਉਨ੍ਹਾਂ ਨੇ ਬੈਰੀਕੇਡ ਵੀ ਸੁੱਟ ਦਿੱਤੇ ਤੇ ਮੋਤੀ ਮਹਿਲ ਦੇ ਗੇਟ ਤੱਕ ਜਾ ਅੱਪੜੇ। ਇਸ ਦੌਰਾਨ ਅਧਿਆਪਕਾਂ ਦੀ ਪੁਲੀਸ ਨੇ ਖਿੱਚ ਧੂਹ ਵੀ ਕੀਤੀ।

Education Loan Information:

Calculate Education Loan EMI