ਜੇਕਰ ਤੁਸੀਂ ਆਪਣੇ ਬੱਚਿਆਂ ਨੂੰ CBSE ਸਕੂਲ ਵਿੱਚ ਪੜ੍ਹਾ ਰਹੇ ਹੋ, ਤਾਂ ਹੁਣ ਤੁਹਾਨੂੰ ਉਨ੍ਹਾਂ ਦੀ ਸੇਫਟੀ ਨੂੰ ਲੈਕੇ ਪਰੇਸ਼ਾਨ ਨਹੀਂ ਹੋਣਾ ਪਵੇਗਾ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਸਖ਼ਤ ਕਦਮ ਚੁੱਕੇ ਹਨ। ਹੁਣ ਸਾਰੇ CBSE ਨਾਲ ਜੁੜੇ ਸਕੂਲਾਂ ਲਈ ਆਪਣੇ ਪੂਰੇ ਕੈਂਪਸ ਵਿੱਚ ਹਾਈ-ਰੈਜ਼ੋਲਿਊਸ਼ਨ ਵਾਲੇ ਸੀਸੀਟੀਵੀ ਕੈਮਰੇ ਲਗਾਉਣਾ ਲਾਜ਼ਮੀ ਕਰ ਦਿੱਤੇ ਗਏ ਹਨ।
CBSE ਨੇ ਸੋਮਵਾਰ ਨੂੰ ਆਪਣੇ ਨਿਯਮਾਂ ਵਿੱਚ ਸੋਧ ਕਰਦਿਆਂ ਕਿਹਾ ਕਿ ਹਰ ਸਕੂਲ ਨੂੰ ਅਜਿਹਾ ਨਿਗਰਾਨੀ ਸਿਸਟਮ ਬਣਾਉਣਾ ਹੋਵੇਗਾ ਜਿਸ ਨਾਲ ਬੱਚਿਆਂ ਦੇ ਹਰ ਕਦਮ ਨੂੰ ਰਿਕਾਰਡ ਕੀਤਾ ਜਾ ਸਕੇ। ਕੈਮਰੇ ਨਾ ਸਿਰਫ਼ ਵੀਡੀਓ ਬਲਕਿ ਆਡੀਓ ਵੀ ਰਿਕਾਰਡ ਕਰਨਗੇ। ਇਹ ਫੈਸਲਾ ਸਕੂਲਾਂ ਵਿੱਚ ਵੱਧ ਰਹੀਆਂ ਘਟਨਾਵਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਗਿਆ ਹੈ।
ਕਿਹੜੀਆਂ ਥਾਵਾਂ 'ਤੇ ਲਗਾਏ ਜਾਣਗੇ ਕੈਮਰੇ?
ਬੋਰਡ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਕੂਲ ਦੇ ਮੇਨ ਗੇਟ, ਕਲਾਸਰੂਮ, ਸਟਾਫ ਰੂਮ, ਲੈਬ, ਲਾਇਬ੍ਰੇਰੀ, ਕੰਟੀਨ,ਕੈਂਪਸ, ਪੌੜੀਆਂ, ਖੇਡ ਦੇ ਮੈਦਾਨ ਅਤੇ ਟਾਇਲਟ ਦੇ ਬਾਹਰ ਸਾਰੀਆਂ ਮਹੱਤਵਪੂਰਨ ਥਾਵਾਂ 'ਤੇ ਹਾਈ-ਰੈਜ਼ੋਲਿਊਸ਼ਨ ਵਾਲੇ ਕੈਮਰੇ ਲਗਾਉਣੇ ਪੈਣਗੇ। ਖਾਸ ਗੱਲ ਇਹ ਹੈ ਕਿ ਇਹ ਕੈਮਰੇ ਆਡੀਓ ਅਤੇ ਵੀਡੀਓ ਦੋਵਾਂ ਨੂੰ ਰਿਕਾਰਡ ਕਰਨ ਦੇ ਯੋਗ ਹੋਣਗੇ। ਹਾਲਾਂਕਿ, ਟਾਇਲਟ ਅਤੇ ਵਾਸ਼ਰੂਮ ਦੇ ਅੰਦਰ ਕੈਮਰੇ ਨਹੀਂ ਲਗਾਏ ਜਾਣਗੇ।
CBSE ਨੇ ਇਹ ਵੀ ਕਿਹਾ ਹੈ ਕਿ ਕੈਮਰੇ ਸਟੋਰੇਜ ਡਿਵਾਈਸ ਨਾਲ ਜੁੜੇ ਹੋਣੇ ਚਾਹੀਦੇ ਹਨ ਜਿਸ ਵਿੱਚ ਘੱਟੋ-ਘੱਟ 15 ਦਿਨਾਂ ਦੀ ਰਿਕਾਰਡਿੰਗ ਸੁਰੱਖਿਅਤ ਰੱਖੀ ਜਾ ਸਕੇ। ਇਸਦਾ ਮਕਸਦ ਇਹ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਤਾਂ ਫੁਟੇਜ ਦੀ ਮਦਦ ਨਾਲ ਸੱਚਾਈ ਸਾਹਮਣੇ ਆ ਸਕੇ। ਸਾਰੇ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਰਿਕਾਰਡਿੰਗ ਦਾ ਬੈਕਅੱਪ ਸੁਰੱਖਿਅਤ ਰੱਖਿਆ ਜਾਵੇ ਅਤੇ ਲੋੜ ਪੈਣ 'ਤੇ ਸਬੰਧਤ ਅਥਾਰਟੀ ਨੂੰ ਉਪਲਬਧ ਕਰਵਾਇਆ ਜਾ ਸਕੇ।
CBSE ਨੇ ਸਾਰੇ ਸਕੂਲਾਂ ਨੂੰ ਇਹ ਸਬੂਤ ਦੇਣ ਲਈ ਵੀ ਕਿਹਾ ਹੈ ਕਿ ਉਨ੍ਹਾਂ ਨੇ ਬੋਰਡ ਦੀਆਂ ਨਵੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ ਜਾਂ ਨਹੀਂ। ਜੇਕਰ ਕੋਈ ਸਕੂਲ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਸਕੂਲਾਂ ਨੂੰ ਸਮੇਂ-ਸਮੇਂ 'ਤੇ ਨਿਗਰਾਨੀ ਪ੍ਰਣਾਲੀ ਦੀ ਰਿਪੋਰਟ ਬੋਰਡ ਨੂੰ ਭੇਜਣੀ ਪਵੇਗੀ।
ਕਿਉਂ ਲਿਆ ਗਿਆ ਆਹ ਫੈਸਲਾ?
ਪਿਛਲੇ ਕੁਝ ਸਾਲਾਂ ਵਿੱਚ, ਸਕੂਲ ਦੇ ਅਹਾਤੇ ਵਿੱਚ ਸੁਰੱਖਿਆ ਨਾਲ ਸਬੰਧਤ ਘਟਨਾਵਾਂ ਸਾਹਮਣੇ ਆਈਆਂ ਹਨ। ਮਾਪੇ ਅਤੇ ਸਮਾਜ ਸਕੂਲਾਂ ਦੀ ਨਿਗਰਾਨੀ ਪ੍ਰਣਾਲੀ 'ਤੇ ਲਗਾਤਾਰ ਸਵਾਲ ਉਠਾਉਂਦੇ ਆ ਰਹੇ ਹਨ। ਸੀਬੀਐਸਈ ਦੇ ਇਸ ਕਦਮ ਨੂੰ ਬੱਚਿਆਂ ਨੂੰ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਵੱਲ ਇੱਕ ਵੱਡਾ ਅਤੇ ਜ਼ਰੂਰੀ ਕਦਮ ਮੰਨਿਆ ਜਾ ਰਿਹਾ ਹੈ।
ਹੁਣ ਜਦੋਂ ਬੱਚਿਆਂ ਦੇ ਹਰ ਕਦਮ 'ਤੇ ਕੈਮਰਿਆਂ ਦੁਆਰਾ ਨਿਗਰਾਨੀ ਕੀਤੀ ਜਾਵੇਗੀ, ਤਾਂ ਸਕੂਲ ਦਾ ਵਾਤਾਵਰਣ ਹੋਰ ਵੀ ਸੁਰੱਖਿਅਤ ਹੋਣ ਦੀ ਉਮੀਦ ਹੈ। ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਇਸ ਨਾਲ ਸਕੂਲ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਵਧੇਗੀ।
Education Loan Information:
Calculate Education Loan EMI