ਦੇਹਰਾਦੂਨ: ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਦਹਿਸ਼ਤੀ ਹਮਲੇ ਵਿੱਚ ਸਥਾਨਕ ਅੱਤਵਾਦੀ ਦੀ ਭੂਮਿਕਾ ਉਜਾਗਰ ਹੋਣ ਮਗਰੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਨੂੰ ਸਥਾਨਕ ਲੋਕਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਤੇ ਕਈ ਥਾਂ 'ਤੇ ਹਮਲਾ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਅਜਿਹੇ ਵਿੱਚ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਦੋ ਕਾਲਜਾਂ ਨੇ ਅਗਲੇ ਵਿੱਦਿਅਕ ਸੈਸ਼ਨ ਤੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰਨ ਦਾ ਐਲਾਨ ਕਰ ਦਿੱਤਾ ਹੈ।


ਦੇਹਰਾਦੂਨ ਦੇ ਡੀਏਵੀ ਪੀਜੀ ਕਾਲਜ ਦੀ ਵਿਦਿਆਰਥੀ ਜਥੇਬੰਦੀ ਨੂੰ ਲਿਖੇ ਸਮਝੌਤਾ ਪੱਤਰ ਵਿੱਚ ਬਾਬਾ ਫਰੀਦ ਇੰਸਟੀਚਿਊਟ ਆਫ ਤਕਨਾਲੋਜੀ ਦੇ ਪ੍ਰਿੰਸੀਪਲ ਡਾਕਟਰ ਅਸਲਮ ਸਿੱਦੀਕੀ ਨੇ ਲਿਖਿਆ ਹੈ ਕਿ ਕੋਈ ਵੀ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਇਆ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਬਾਹਰ ਕੱਢ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਨਵੇਂ ਸੈਸ਼ਨ ਤੋਂ ਕਿਸੇ ਵੀ ਕਸ਼ਮੀਰੀ ਵਿਦਿਆਰਥੀ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਐਲਪਾਈਨ ਕਾਲਜ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ ਦੇ ਨਿਰਦੇਸ਼ਕ ਐਸ.ਕੇ. ਚੌਹਾਨ ਨੇ ਕਿਹਾ ਹੈ ਕਿ ਉਨ੍ਹਾਂ ਲਿਖਤੀ ਰੂਪ ਵਿੱਚ ਦਿੱਤਾ ਹੈ ਕਿ ਉਹ ਅਗਲੇ ਸੈਸ਼ਨ ਤੋਂ ਕਿਸੇ ਵੀ ਕਸ਼ਮੀਰੀ ਵਿਦਿਆਰਥੀ ਨੂੰ ਦਾਖ਼ਲਾ ਨਹੀਂ ਦੇਣਗੇ।

ਅਜਿਹੇ ਵਿੱਚ ਉੱਤਰਾਖੰਡ ਤੇ ਹਰਿਆਣਾ ਤੋਂ 300 ਤੋਂ ਵੱਧ ਕਸ਼ਮੀਰੀ ਵਿਦਿਆਰਥੀ ਮੁਹਾਲੀ ਵਿੱਚ ਪਹੁੰਚੇ ਹਨ। ਕਸ਼ਮੀਰੀ ਵਿਦਿਆਰਥੀਆਂ ਲਈ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਰੁਕਣ ਦਾ ਪ੍ਰਬੰਧ ਸਿੱਖ ਜਥੇਬੰਦੀ ਵੱਲੋਂ ਕੀਤਾ ਗਿਆ ਹੈ।

ਵਿਦਿਆਰਥੀਆਂ ਨੇ ਦੱਸਿਆ ਕਿ ਇੱਥੇ ਮਾਹੌਲ ਠੀਕ ਹੈ ਤੇ ਉਨ੍ਹਾਂ ਨੂੰ ਹਰ ਕਿਸਮ ਦੀ ਸਹਾਇਤਾ ਮਿਲ ਰਹੀ ਹੈ ਅਤੇ ਹਵਾਈ ਅੱਡਾ ਨੇੜੇ ਹੋਣ ਕਰਕੇ ਆਉਣ-ਜਾਣ ਦੀ ਸਹੂਲਤ ਵੀ ਠੀਕ ਹੈ। ਉਨ੍ਹਾਂ ਦੱਸਿਆ ਕਿ ਸਾਡੇ 'ਤੇ ਹਮਲੇ ਹੋ ਰਹੇ ਸਨ, ਜਿਸ ਕਾਰਨ ਉਹ ਉੱਥੋਂ ਚਲੇ ਆਏ। ਵਿਦਿਆਰਥੀਆਂ ਨੂੰ ਹੁਣ ਆਪਣੀ ਪੜ੍ਹਾਈ ਦਾ ਫਿਕਰ ਸਤਾ ਰਿਹਾ ਹੈ ਕਿਉਂਕਿ ਕੁਝ ਹੀ ਸਮੇਂ ਵਿੱਚ ਇਮਤਿਹਾਨ ਸ਼ੁਰੂ ਹੋਣ ਵਾਲੇ ਹਨ। ਉਹ ਹੁਣ ਆਪਣੇ ਘਰ ਵਾਪਸ ਜਾਣਗੇ ਤੇ ਮਾਹੌਲ ਠੀਕ ਹੋਣ 'ਤੇ ਵਾਪਸ ਪਰਤਣ ਦੀ ਸੋਚਣਗੇ।

Education Loan Information:

Calculate Education Loan EMI