ਅੰਮ੍ਰਿਤਸਰ: ਸਿੱਖਿਆ ਤੇ ਵਾਤਾਵਰਣ ਮੰਤਰੀ ਓਪੀ ਸੋਨੀ ਨੇ ਹਾਲ ਹੀ ਵਿੱਚ ਪੱਕੇ ਕਰਨ ਦਾ ਐਲਾਨ ਕੀਤੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਧਰਨੇ ਦੇਣ ਵਾਲੇ ਅਧਿਆਪਕ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।

ਐਸਐਸਏ ਤੇ ਰਮਸਾ ਤਹਿਤ ਭਰਤੀ ਹੋਏ 8,886 ਅਧਿਆਪਕਾਂ ਨੂੰ ਕੈਪਟਨ ਸਰਕਾਰ ਨੇ ਪੱਕਾ ਕਰਨ ਦਾ ਐਲਾਨ ਕਰ ਦਿੱਤਾ ਸੀ, ਪਰ ਤਨਖ਼ਾਹ ਵਿੱਚ ਕਟੌਤੀ ਤੇ ਪਰਖ ਕਾਲ ਵਿੱਚ ਵਾਧਾ ਕਰ ਦਿੱਤਾ ਸੀ। ਇਸ ਦੇ ਵਿਰੋਧ ਵਿੱਚ ਅਧਿਆਪਕ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਅੱਜ ਵੀ ਸਾਂਝਾ ਮੋਰਚਾ ਯੂਨੀਅਨ ਦੇ ਬੈਨਰ ਹੇਠ ਅਧਿਆਪਕਾਂ ਨੇ ਪਟਿਆਲਾ ਵਿੱਚ ਧਰਨਾ ਮਾਰਿਆ ਹੋਇਆ ਹੈ।

ਹੁਣ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਯੂਨੀਅਨ ਦੇ ਨੇਤਾਵਾਂ ਨੂੰ ਚੇਤਾਵਨੀ ਦਿੰਦੇ ਕਿਹਾ ਹੈ ਕਿ ਉਹ ਸਕੂਲ ਸਮੇਂ 'ਤੇ ਧਰਨਾ ਦੇ ਕੇ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਕਰਨ। ਯੂਨੀਅਨ ਨੇਤਾ ਤਰੁੰਤ ਆਪਣੇ ਸਕੂਲਾਂ ਵਿੱਚ ਪਰਤ ਜਾਣ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਉਹ ਅਧਿਆਪਕ ਜੋ ਪਹਿਲਾਂ ਕੇਂਦਰ ਸਰਕਾਰ ਦੇ ਫੰਡਾਂ ਸਹਾਰੇ ਚੱਲਦੀਆਂ ਸੁਸਾਇਟੀਆਂ ਦੇ ਮੁਲਾਜ਼ਮ ਸਨ ਤੇ ਇਨ੍ਹਾਂ ਦੇ ਭਵਿੱਖ 'ਤੇ ਹਰ ਵੇਲੇ ਤਲਵਾਰ ਲਟਕਦੀ ਸੀ, ਉਨ੍ਹਾਂ ਨੂੰ ਪੱਕੇ ਕਰਨ ਦਾ ਫੈਸਲਾ ਵੀ ਇੰਨਾਂ ਨੇਤਾਵਾਂ ਨਾਲ ਤਿੰਨ ਮੀਟਿੰਗਾਂ ਕਰਨ ਉਪਰੰਤ ਹੀ ਲਿਆ ਗਿਆ ਹੈ।

ਮੰਤਰੀ ਨੇ ਦੋਸ਼ ਲਾਇਆ ਕਿ ਇਹ ਨੇਤਾ ਆਪਣੇ ਨਿੱਜੀ ਸੁਆਰਥਾਂ ਕਾਰਨ ਅਧਿਆਪਕ ਵਰਗ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਧਿਆਪਕ ਆਗੂ ਆਪਣੀ ਚੌਧਰ ਲਈ ਬੱਚਿਆਂ ਦੀ ਪੜ੍ਹਾਈ ਖ਼ਰਾਬ ਨਾ ਕਰਨ, ਜੇਕਰ ਜ਼ਿਆਦਾ ਲੀਡਰੀ ਦਾ ਸ਼ੌਕ ਹੈ ਤਾਂ ਨੌਕਰੀ ਛੱਡਕੇ ਸਿਆਸਤ ਵਿੱਚ ਆ ਜਾਣ।

ਜ਼ਿਕਰਯੋਗ ਹੈ ਕਿ ਬੀਤੀ ਤਿੰਨ ਅਕਤੂਬਰ ਨੂੰ ਕੈਪਟਨ ਸਰਕਾਰ ਨੇ ਸਰਵ ਸਿੱਖਿਆ ਅਭਿਆਨ (ਐਸਐਸਏ), ਰਾਸ਼ਟ੍ਰੀਆ ਮਾਧਿਆਮਿਕ ਸ਼ਿਕਸ਼ਾ ਅਭਿਆਨ (ਆਰਐਮਐਸਏ) ਸਮੇਤ ਆਦਰਸ਼ ਤੇ ਮਾਡਲ ਸਕੂਲਾਂ ਦੇ ਕੁੱਲ 8,886 ਅਧਿਆਪਕਾਂ ਨੂੰ ਉੱਕਾ-ਪੁੱਕਾ 15,000 ਰੁਪਏ ਪ੍ਰਤੀ ਮਹੀਨਾ ਮਿਹਨਤਾਨਾ ਅਤੇ ਤਿੰਨ ਸਾਲ ਸਫ਼ਲਤਾਪੂਰਵਕ ਸੇਵਾ ਕਰਨ ਹੋਣ ਤੋਂ ਬਾਅਦ ਇਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਦਾ ਫੈਸਲਾ ਕੀਤਾ ਸੀ। ਇਹ ਅਧਿਆਪਕ ਇਸ ਸਮੇਂ 42,800 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੈ ਰਹੇ ਹਨ।

Education Loan Information:

Calculate Education Loan EMI