ਨਵੀਂ ਦਿੱਲੀ: ਭਾਰਤ ਦੇ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ‘ਨਿਸ਼ੰਕ’ ਨੇ ਅੱਜ ਵੈੱਬੀਨਾਰ ਰਾਹੀਂ ਵਿਦਿਆਰਥੀਆਂ ਤੇ ਹੋਰ ਸਬੰਧਤ ਧਿਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਗੱਲਬਾਤ ਦੌਰਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਸੀਬੀਐਸਈ ਵੱਲੋਂ 10ਵੀਂ, 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 2021 ਵਿੱਚ ਲਈਆਂ ਜਾਣਗੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਪੂਰੀ ਤਿਆਰੀ ਕਰਨ ਦਾ ਸੁਝਾਅ ਦਿੱਤਾ।


ਦੱਸ ਦੇਈਏ ਕਿ ਸੀਬੀਐਸਈ 2021, ਜੇਈਈ 2021, ਨੀਟ 2021 ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਬਾਰੇ ਹੁਣ ਤੱਕ ਕਈਆਂ ਤਰ੍ਹਾਂ ਦੀਆਂ ਕਿਆਸਅਰਾਈਆਂ ਲੱਗਦੀਆਂ ਰਹੀਆਂ ਹਨ।


ਮੰਤਰੀ ਨੇ ਕਿਹਾ ਕਿ ਸੀਬੀਐਸਈ ਵੱਲੋਂ ਪ੍ਰੀਖਿਆਵਾਂ ਦੀਆਂ ਤਿਆਰੀਆਂ ਲਈ ਵਿਦਿਆਰਥੀਆਂ ਨੂੰ ਵਾਜਬ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੀਆਂ ਤਰੀਕਾਂ ਬਾਰੇ ਫ਼ੈਸਲਾ ਕੋਰੋਨਾਵਾਇਰਸ ਮਹਾਮਾਰੀ ਦੇ ਉਸ ਵੇਲੇ ਦੇ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਹੀ ਲਿਆ ਜਾਵੇਗਾ।

ਮੰਤਰੀ ਨੇ ਇਹ ਸੰਕੇਤ ਵੀ ਦਿੱਤਾ ਕਿ ਸੀਬੀਐਸਈ ਪ੍ਰੀਖਿਆਵਾਂ ਆੱਨਲਾਈਨ ਵਿਧੀ ਰਾਹੀਂ ਕਰਵਾਉਣ ਦੀ ਯੋਜਨਾ ਵੀ ਉਲੀਕ ਰਹੀ ਹੈ ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਲਈ ਵੀ ਤਿਆਰ ਰਹਿਣ ਲਈ ਆਖਿਆ।

ਉਨ੍ਹਾਂ ਇਹ ਵੀ ਕਿਹਾ ਕਿ NEET 2021 ਤੇ JEE 2021 ਦੀਆਂ ਪ੍ਰੀਖਿਆਵਾਂ ਵੀ 2021 ਵਿੱਚ ਹੋਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ NEET 2021 ਦੀ ਪ੍ਰੀਖਿਆ ਰੱਦ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਉਨ੍ਹਾਂ ਕਿਹਾ ਕਿ 2020 ਦੌਰਾਨ NEET ਨੂੰ ਤਿੰਨ ਵਾਰ ਮੁਲਤਵੀ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਪ੍ਰੀਖਿਆ ਕੇਂਦਰ ਬਦਲਣ ਦਾ ਮੌਕਾ ਦਿੱਤਾ ਗਿਆ। ‘ਅਸੀਂ ਇਹ ਪ੍ਰੀਖਿਆ ਰੱਦ ਕਰ ਸਕਦੇ ਸਾਂ ਪਰ ਇਸ ਨਾਲ ਵਿਦਿਆਰਥੀਆਂ ਅਤੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ।’

ਐਜੂਕੇਸ਼ਨ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਮੰਤਰੀ ਨੇ ਕਿਹਾ ਕਿ NEET ਹਮੇਸ਼ਾ ‘ਨੈਸ਼ਨਲ ਟੈਸਟਿੰਗ ਏਜੰਸੀ’ ਵੱਲੋਂ ਆੱਫ਼ਲਾਈਨ ਲਈ ਜਾਂਦੀ ਰਹੀ ਹੈ ਪਰ ਐਤਕੀਂ ਕੋਰੋਨਾਵਾਇਰਸ ਕਰਕੇ ਇਹ ਪ੍ਰੀਖਿਆ ਹੁਣ ਆੱਨਲਾਈਨ ਵਿਧੀ ਰਾਹੀਂ ਲੈਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI