PSEB Exam: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਸਾਲਾਨਾ ਪ੍ਰੀਖਿਆ 19 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਸਿੱਖਿਆ ਵਿਭਾਗ ਨੇ ਸਾਲਾਨਾ ਪ੍ਰੀਖਿਆਵਾਂ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। 8ਵੀਂ ਅਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਲਈ 242 ਪ੍ਰੀਖਿਆ ਕੇਂਦਰਾਂ ਦੀ ਸੂਚੀ ਪੀ. ਐੱਸ. ਈ. ਬੀ. ਨੂੰ ਦਿੱਤੀ ਗਈ ਹੈ। 242 ਪ੍ਰੀਖਿਆ ਕੇਂਦਰਾਂ ਵਿੱਚੋਂ ਸੱਤ ਕੇਂਦਰਾਂ ਨੂੰ ਸਵੈ-ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ। ਉਥੇ 235 ਪ੍ਰੀਖਿਆ ਕੇਂਦਰ ਅਦਲਾ-ਬਦਲੀ ਦੇ ਤਹਿਤ ਬਣਾਏ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਭਗਵੰਤ ਸਿੰਘ ਵੜੈਚ ਨੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਪ੍ਰੀਖਿਆਵਾਂ ਨਕਲ ਰਹਿਤ ਕਰਵਾਈਆਂ ਜਾਣਗੀਆਂ, ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਵਿਦਿਆਰਥੀ ਭੁੱਲ ਕੇ ਵੀ ਨਾ ਕਰਨ ਇਹ ਕੰਮ
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੀਖਿਆਵਾਂ ਵਿਚ ਨਕਲ ਦੀ ਉਮੀਦ ਨਾ ਕਰਨ। ਉਨ੍ਹਾਂ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਲਈ 362 ਸੁਪਰਡੈਂਟ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ 604 ਡਿਪਟੀ ਸੁਪਰਡੈਂਟ ਤਾਇਨਾਤ ਕੀਤੇ ਜਾਣਗੇ। ਉਥੇ 362 ਅਬਜ਼ਰਵਰ ਦੀ ਸਾਲਾਨਾ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਲਗਾਏ ਗਏ ਹਨ। 15 ਫਲਾਇੰਗ ਸਕੁਐਡ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 12ਵੀਂ ਅਤੇ 8ਵੀਂ ਜਮਾਤ ਦੀ ਪ੍ਰੀਖਿਆ ਦਾ ਸਮਾਂ ਸਵੇਰੇ 11.15 ਵਜੇ ਤੋਂ ਦੁਪਹਿਰ 2.15 ਵਜੇ ਤੱਕ ਹੈ।
ਵਿਦਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ’ਤੇ ਪਹੁੰਚਣਾ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਸੀਟ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕਰ ਸਕਣ। ਨਕਲ ਰੋਕਣ ਲਈ ਜ਼ਿਲਾ ਸਿੱਖਿਆ ਵਿਭਾਗ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਪੱਤਰ ਲਿਖਿਆ ਹੈ ਤਾਂ ਜੋ ਉੱਥੇ ਸੁਰੱਖਿਆ ਪ੍ਰਬੰਧ ਯਕੀਨੀ ਕਰਵਾਏ ਜਾ ਸਕਣ। ਕੇਂਦਰਾਂ ਦੇ ਬਾਹਰ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਤਾਂ ਜੋ ਉੱਥੇ ਬੇਲੋੜੀ ਭੀੜ ਇਕੱਠੀ ਨਾ ਹੋਵੇ। ਡੀ. ਈ. ਓ. ਸੈਕੰਡਰੀ ਦਫ਼ਤਰ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਸੁਖਪਾਲ ਸਿੰਘ ਸੰਧੂ ਨੂੰ ਕੰਟਰੋਲ ਰੂਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੀ ਸੂਰਤ ਵਿਚ ਇਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਪ੍ਰੀਖਿਆ ਸੰਬੰਧੀ ਕਿਸੇ ਵੀ ਕਿਸਮ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਦਿਆਰਥੀ ਜਾਂ ਸਕੂਲ ਮੁਖੀ 80540-54154 ’ਤੇ ਸੰਪਰਕ ਕਰ ਸਕਦੇ ਹਨ।
ਡੀ. ਈ. ਓ. ਹਰਭਗਵੰਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ 19 ਫਰਵਰੀ ਨੂੰ ਸ਼ੁਰੂ ਹੋਵੇਗੀ। ਇਸ ਤੋਂ ਇਕ ਦਿਨ ਪਹਿਲਾਂ 18 ਫਰਵਰੀ ਨੂੰ, ਸਾਰੇ ਪ੍ਰੀਖਿਆ ਕੇਂਦਰ ਖੋਲ੍ਹ ਕੇ ਪੂਰੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਕਲਾਸ ਰੂਮਾਂ ਵਿਚ ਲਗਾਏ ਗਏ ਬੈਂਚਾਂ ਦਾ ਨਿਰੀਖਣ ਕੀਤਾ ਜਾਵੇਗਾ।
ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਦੇ ਸੂਬਾਈ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ ਨੇ ਕਿਹਾ ਕਿ ਸਕੂਲ ਬੋਰਡ ਪ੍ਰੀਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ। ਹਰ ਕੋਈ ਨਕਲ ਤੋਂ ਬਿਨਾਂ ਪ੍ਰੀਖਿਆ ਕਰਵਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਬਬਲੂ ਨੇ ਕਿਹਾ ਕਿ ਪ੍ਰੀਖਿਆ ਸਬੰਧੀ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਵੀ ਕੀਤੀ ਗਈ ਹੈ। ਸਕੂਲ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਿਹਾ ਹੈ।
ਪ੍ਰੀਖਿਆ ਕੇਂਦਰ ‘ਚ ਦਾਖਲੇ ਲਈ ਨਿਯਮ
- ਬਿਨਾ ਰੋਲ ਨੰਬਰ ਸਲਿੱਪ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।
- ਸਭ ਵਿਦਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਕੇਂਦਰ ‘ਤੇ ਪਹੁੰਚਣਾ ਲਾਜ਼ਮੀ ਹੈ।
- ਦਿਵਿਆਂਗ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਸਹਾਇਕ ਉਪਲਬਧ ਕਰਵਾਇਆ ਜਾਵੇਗਾ, ਜਿਸ ਲਈ ਪਹਿਲਾਂ ਤੋਂ ਅਰਜ਼ੀ ਦੇਣੀ ਪਵੇਗੀ।
- ਪ੍ਰੀਖਿਆ ਦੌਰਾਨ PSEB-MATQ ਮੋਬਾਈਲ ਐਪ ਰਾਹੀਂ ਉੱਤਰ ਪੁਸਤਿਕਾਵਾਂ ਅਤੇ ਪ੍ਰਸ਼ਨ ਪੱਤਰ ਦੀ ਟ੍ਰੈਕਿੰਗ ਕੀਤੀ ਜਾਵੇਗੀ।
- ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰਨਾ ਲਾਜ਼ਮੀ ਹੋਵੇਗਾ।
- ਪ੍ਰੀਖਿਆ ਨਿਰੀਖਕ ਇਹ ਯਕੀਨੀ ਬਣਾਵੇਗਾ ਕਿ ਉੱਤਰ ਪੁਸਤਿਕਾਵਾਂ ਪੂਰੀਆਂ ਤੇ ਠੀਕ ਹੋਣ।
- ਉੱਤਰ ਪੁਸਤਿਕਾਵਾਂ ਦੇ ਪਹਿਲੇ 3 ਪੰਨਿਆਂ ‘ਤੇ ਪ੍ਰੀਖਿਆ ਨਿਯੰਤਰਕ ਦੀ ਮੋਹਰ ਲਗਾਈ ਜਾਵੇਗੀ।
- ਰੀ-ਅਪੀਅਰ ਵਿਦਿਆਰਥੀਆਂ ਲਈ ਵੱਖਰੇ ਪ੍ਰਸ਼ਨ ਪੱਤਰ ਦਿੱਤੇ ਜਾਣਗੇ।
- ਹਰੇਕ ਪ੍ਰੀਖਿਆ ਕੇਂਦਰ ‘ਤੇ ਵਿਦਿਆਰਥੀਆਂ ਲਈ ਪਾਣੀ ਦੀ ਵਿਵਸਥਾ ਯਕੀਨੀ ਬਣਾਈ ਜਾਵੇਗੀ।
ਇਹ ਸਮੱਗਰੀ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ - ਮੋਬਾਈਲ ਫੋਨ, ਸਮਾਰਟਵਾਚ, ਬਲੂਟੁੱਥ ਡਿਵਾਈਸ, ਇਲੈਕਟ੍ਰੋਨਿਕ ਗੈਜਿਟਸ।
- ਕੈਲਕੂਲੇਟਰ, ਲੌਗ ਟੇਬਲ, ਕਿਸੇ ਵੀ ਕਿਸਮ ਦੀ ਲਿਖਤੀ ਸਮੱਗਰੀ ਜਾਂ ਚਿੱਟਾਂ।
- ਸਮਾਰਟ ਪੈਨ, ਸਮਾਰਟ ਐਨਕ, ਡਿਜ਼ੀਟਲ ਘੜੀ।
- ਕਿਸੇ ਵੀ ਤਰ੍ਹਾਂ ਦੀ ਸ਼ੱਕੀ ਸਮੱਗਰੀ ਜਾਂ ਕਿਤਾਬਾਂ।
ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਮਹੱਤਵਪੂਰਨ ਨਿਯਮ
ਵਿਦਿਆਰਥੀ ਕੇਵਲ ਪਾਰਦਰਸ਼ੀ ਪਾਣੀ ਦੀ ਬੋਤਲ ਹੀ ਲਿਆ ਸਕਣਗੇ।
ਕੋਈ ਵੀ ਵਿਦਿਆਰਥੀ ਪ੍ਰੀਖਿਆ ਸ਼ੁਰੂ ਹੋਣ ਤੋਂ ਅੱਧਾ ਸਮਾਂ ਲੰਘਣ ਤੋਂ ਪਹਿਲਾਂ ਕੇਂਦਰ ਨਹੀਂ ਛੱਡ ਸਕੇਗਾ।
ਪ੍ਰੀਖਿਆ ਸਮਾਪਤ ਹੋਣ ਤੋਂ ਬਾਅਦ ਹੀ ਕੇਂਦਰ ਕੰਟਰੋਲਰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਸਕੇਗਾ।
ਕਿਸੇ ਵੀ ਵਿਸ਼ੇ ਦੀ ਪ੍ਰੀਖਿਆ ਵਾਲੇ ਅਧਿਆਪਕ ਦੀ ਡਿਊਟੀ ਉਸੇ ਵਿਸ਼ੇ ਦੀ ਪ੍ਰੀਖਿਆ ‘ਚ ਨਹੀਂ ਲੱਗੇਗੀ।
ਪ੍ਰੀਖਿਆ ਕੇਂਦਰ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਹੋਣਗੇ, ਪਰ ਉਹ ਪ੍ਰੀਖਿਆ ਹਾਲ ਵਿੱਚ ਦਾਖਲ ਨਹੀਂ ਹੋ ਸਕਣਗੇ।
ਨਕਲ ਅਤੇ ਅਨੁਸ਼ਾਸਨਹੀਨਤਾ ‘ਤੇ ਸਖ਼ਤ ਕਾਰਵਾਈ
ਨਕਲ ਕਰਦੇ ਪਾਏ ਜਾਣ ‘ਤੇ ਵਿਦਿਆਰਥੀ ਦਾ ਪ੍ਰੀਖਿਆ ਨਤੀਜਾ ਰੱਦ ਕਰ ਦਿੱਤਾ ਜਾਵੇਗਾ।
ਜੇਕਰ ਕਿਸੇ ਪ੍ਰੀਖਿਆ ਕੇਂਦਰ ‘ਚ ਨਕਲ ਦੀ ਘਟਨਾ ਪਾਈ ਜਾਂਦੀ ਹੈ, ਤਾਂ ਸ਼ਾਮਲ ਅਧਿਆਪਕ ਅਤੇ ਸਟਾਫ ‘ਤੇ ਬਣਦੀ ਕਾਰਵਾਈ ਹੋਵੇਗੀ।
ਪ੍ਰੀਖਿਆ ਕੇਂਦਰ ‘ਚ ਬਾਹਰੀ ਦਖਲਅੰਦਾਜ਼ੀ ਰੋਕਣ ਲਈ ਧਾਰਾ-144 ਲਾਗੂ ਕੀਤੀ ਜਾਵੇਗੀ।
ਜੇਕਰ ਕੋਈ ਵਿਦਿਆਰਥੀ ਪ੍ਰਸ਼ਨ ਪੱਤਰ ਪ੍ਰੀਖਿਆ ਹਾਲ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ‘ਤੇ ਕੜੀ ਕਾਰਵਾਈ ਕੀਤੀ ਜਾਵੇਗੀ।
Education Loan Information:
Calculate Education Loan EMI