ਮੋਹਾਲੀ :  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਅੱਠਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਇਹ ਨਤੀਜਾ 98.25 ਫੀਸਦੀ ਰਿਹਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁੰਮਟੀ ਦੇ ਸਰਕਾਰੀ ਮਿਡਲ ਸਕੂਲ ਦਾ ਮਨਪ੍ਰੀਤ ਸਿੰਘ ਪੁੱਤਰ ਜਗਮੋਹਣ ਸਿੰਘ ਸੌ ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ’ਚੋਂ ਪਹਿਲੇ ਸਥਾਨ ’ਤੇ ਰਿਹਾ ਹੈ। ਮਨਪ੍ਰੀਤ ਸਿੰਘ ਦੇ ਪਿਤਾ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸਦੀ ਮਾਂ ਕੱਪੜੇ ਸਿਲਾਈ ਕਰਕੇ ਆਪਣੇ ਬੱਚਿਆਂ ਨੂੰ ਪੜਾ ਰਹੀ ਹੈ। 

 

ਹਿਮਾਨੀ ਪੁੱਤਰੀ ਪੰਕਜ ਸੇਠੀ ਐੱਸ.ਏ.ਵੀ. ਜੈਨ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਊਨਾ ਰੋਡ ਹੁਸ਼ਿਆਰਪੁਰ 99.33 ਫ਼ੀਸਦੀ ਅੰਕ ਹਾਸਲ ਕਰਕੇ ਦੂਜੇ ਅਤੇ ਕਰਮਨਪ੍ਰੀਤ ਕੌਰ ਪੁੱਤਰੀ ਹਰਪਿੰਦਰ ਸਿੰਘ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵੀ 99.33 ਫ਼ੀਸਦੀ ਅੰਕ ਹਾਸਲ ਕਰਕੇ ਤੀਸਰੇ ਸਥਾਨ ’ਤੇ ਰਹੀ ਹੈ। 

 

ਵਿਦਿਆਰਥੀਆਂ ’ਚੋਂ ਮੁੰਡਿਆਂ ਦੀ ਗਿਣਤੀ 163166 ਸੀ, ਜਿਨ੍ਹਾਂ ’ਚੋਂ 159668 ਪਾਸ ਹੋਏ। ਪਾਸ ਪ੍ਰਤੀਸ਼ਤਤਾ 97.86 ਪ੍ਰਤੀਸ਼ਤ ਰਹੀ। ਇਸ ਪ੍ਰੀਖਿਆ ’ਚ ਕੁੱਲ 144767 ਲੜਕੀਆਂ ਅਪੀਅਰ ਹੋਈਆਂ, ਜਿਨ੍ਹਾਂ ’ਚੋਂ 142881 ਪਾਸ ਹੋਣ ’ਚ ਕਾਮਯਾਬ ਰਹੀਆਂ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.70 ਬਣਦੀ ਹੈ। 

 

 ਇਸ ਸਬੰਧ ’ਚ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨੇ ਦੱਸਿਆ ਕਿ ਇਸ ਵਾਰ ਅੱਠਵੀਂ ਜਮਾਤ ’ਚ ਕੁਲ 307942 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 302558 ਪ੍ਰੀਖਿਆਰਥੀ ਪਾਸ ਹੋਣ ਵਿਚ ਸਫ਼ਲ ਰਹੇ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.25 ਫ਼ੀਸਦੀ ਬਣਦੀ ਹੈ।  

 

 ਪ੍ਰੋਫ਼ੈਸਰ ਯੋਗਰਾਜ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਮੈਰਿਟ ਸੂਚੀ ਅਤੇ ਪਾਸ ਫ਼ੀਸਦੀ ਭਲਕੇ 3 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਉੱਤੇ ਉਪਲੱਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਦਰਸਾਏ ਗਏ ਅੰਕ ਵਿਦਿਆਰਥੀਆਂ ਅਤੇ ਸਕੂਲਾਂ ਲਈ ਕੇਵਲ ਸੂਚਨਾ ਹਿੱਤ ਹੋਣਗੇ ਅਤੇ ਇਸ ਸਬੰਧੀ ਸਰਟੀਫਿਕੇਟ ਬਾਅਦ ’ਚ ਜਾਰੀ ਕੀਤੇ ਜਾਣਗੇ। 

Education Loan Information:

Calculate Education Loan EMI