ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਪੰਜਵੀਂ ਕਲਾਸ ਦੇ ਨਤੀਜੇ ਵਿੱਚ ਮਾਨਸਾ ਦੇ ਪਿੰਡ ਧਰਮਪੁਰਾ ਦੇ ਸਿਲਵਰ ਵਾਟਿਕਾ ਕੌਨਵੇਂਟ ਸੀਨੀਅਰ ਸਕੈਂਡਰੀ ਸਕੂਲ ਦੀ ਵਿਦਿਆਰਥਣ ਸੁਖਮਨ ਕੌਰ ਪੁੱਤਰੀ ਰਣਜੀਤ ਸਿੰਘ ਨੇ ਪੰਜਾਬ ਭਰ ਵਿੱਚ 500 ਵਿੱਚੋਂ 500 ਨੰਬਰ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 


ਸੁਖਮਨ ਕੌਰ ਨੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸੁਖਮਨ ਕੌਰ ਦੀ ਇਸ ਪ੍ਰਾਪਤੀ ਤੋਂ ਮਾਪਿਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉੱਥੇ ਸੁਖਮਨ ਕੌਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਅਧਿਆਪਕ ਬਨਣਾ ਚਾਹੁੰਦੀ ਹੈ।


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2021-22 ਦੇ ਪੰਜਵੀ ਜਮਾਤ ਦੇ ਐਲਾਨ ਕੀਤੇ ਨਤੀਜਿਆਂ ਵਿੱਚ ਮਾਨਸਾ ਦੇ ਪਿੰਡ ਧਰਮਪੁਰਾ ਦੇ ਸਿਲਵਰ ਵਾਟਿਕਾ ਕੌਨਵੇਂਟ ਸੀਨੀਅਰ ਸਕੈਂਡਰੀ ਸਕੂਲ ਦੀ ਵਿਦਿਆਰਥਣ ਸੁਖਮਨ ਕੌਰ ਨੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮੱਲਾਂ ਮਾਰੀਆਂ ਹਨ। ਪੰਜਾਬ ਵਿੱਚੋਂ ਟਾਪ ਕਰਨ ਵਾਲੀ ਵਿਦਿਆਰਥਣ ਸੁਖਮਨ ਕੌਰ ਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਅੱਜ ਉਸਦੀ ਮਿਹਨਤ ਦੇ ਨਾਲ-ਨਾਲ ਉਸਦੇ ਮਾਪਿਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਮੁੱਲ ਪੈ ਗਿਆ ਹੈ, ਜਿਸ ਕਾਰਨ ਉਹ ਪੂਰੇ ਪੰਜਾਬ ਵਿਚ ਟਾਪ ਕੀਤਾ ਹੈ। 


ਉਸਨੇ ਕਿਹਾ ਕਿ, "ਮੈਂ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਇਆ।" ਉਸਨੇ ਕਿਹਾ ਕਿ ਜੇਕਰ ਅਸੀਂ ਕੁਝ ਸੋਚ ਕੇ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹਾਂ, ਤਾਂ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ। ਉਸਨੇ ਕਿਹਾ ਕਿ ਮੈਂ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਦੀ ਰਹਾਂਗੀ ਅਤੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕਰਦੀ ਰਹਾਂਗੀ।


ਸੁਖਮਨ ਕੌਰ ਦੀ ਵੱਡੀ ਪ੍ਰਾਪਤੀ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਵਿਦਿਆਰਥਣ ਦੇ ਪਿਤਾ ਰਣਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਬੱਚੀ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਉਹਨਾਂ ਬੱਚਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀ ਬੱਚੀ ਬਹੁਤ ਮਿਹਨਤ ਕਰਦੀ ਸੀ ਕਿਉਂਕਿ ਇਹ ਸਕੂਲ ਵਿੱਚ ਪੜਾਈ ਕਰਨ ਦੇ ਨਾਲ-ਨਾਲ ਘਰ ਵਿੱਚ ਜਾ ਕੇ ਵੀ ਪੜ੍ਹਦੀ ਸੀ ਅਤੇ ਅਸੀਂ ਇਸਨੂੰ ਕਿਸੇ ਕੋਲ ਟਿਊਸ਼ਨ ਤੇ ਵੀ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ, "ਮਾਪਿਆਂ ਨੂੰ ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਕਿਉਂਕਿ ਮੈਂ ਇਸਨੂੰ ਕਦੇ ਵੀ ਬੋਝ ਨਹੀਂ ਸਮਝਿਆ ਤੇ ਇਸਨੂੰ ਵਧੀਆ ਸਿੱਖਿਆ ਹਾਸਿਲ ਕਰਵਾਈ ਹੈ।" ਉਨ੍ਹਾਂ ਕਿਹਾ ਕਿ ਇਸਦੀ ਮਿਹਨਤ ਤੇ ਲਗਨ ਨੂੰ ਦੇਖਕੇ ਲੱਗਦਾ ਹੈ ਕਿ ਇਹ ਮੇਰੀ ਉਮੀਦ ਤੇ ਖਰਾ ਉਤਰੇਗੀ।


ਸੁਖਮਨ ਕੌਰ ਦੀ ਵੱਡੀ ਪ੍ਰਾਪਤੀ ਨਾਲ ਸਕੂਲ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਸਕੂਲ ਪ੍ਰਿੰਸੀਪਲ ਰਾਣੀ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੇ ਬੱਚੇ ਪਹਿਲਾਂ ਵੀ ਬਲਾਕ ਪੱਧਰ ਤੇ ਮੱਲਾਂ ਮਾਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਸਮੇਂ ਬੱਚੇ ਕੁਝ ਨਿਰਾਸ਼ ਹੋ ਗਏ ਸਨ, ਪਰ ਇਸ ਸਾਲ ਸੁਖਮਨ ਕੌਰ ਦੀ ਬਦਲ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅਤੇ ਉਸ ਦੀ ਇਸ ਪ੍ਰਾਪਤੀ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਸੁਖਮਨ ਕੌਰ ਨੇ ਸਾਡੇ ਸਕੂਲ, ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। 


ਉਥੇ ਹੀ ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਲੜਕੀਆਂ ਪਿਛਲੇ ਸਮੇਂ ਤੋਂ ਪੰਜਾਬ ਵਿੱਚੋਂ ਮੋਹਰੀ ਸਥਾਨ ਤੇ ਆ ਰਹੀਆਂ ਹਨ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਨਸਾ ਜਿਲੇ ਦੀ ਪੰਜਵੀ ਜਮਾਤ ਦੀ ਵਿਦਿਆਰਥਣ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹੈ ਹੁਣ ਸਾਡੇ ਮਾਪਿਆਂ ਦਾ ਹੌਸਲਾ ਵਧਿਆ ਹੈ ਤੇ ਉਹ ਆਪਣੀਆਂ ਧੀਆਂ ਨੂੰ ਵਧ ਪੜ੍ਹਾਉਣ ਲਿਖਾਉਣ ਹੈ ਜਿਸ ਨਾਲ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੀਆਂ।


Education Loan Information:

Calculate Education Loan EMI