ਚੰਡੀਗੜ੍ਹ: ਸਿੱਖਿਆ ਖੇਤਰ ਵਿੱਚ ਕੈਪਟਨ ਸਰਕਾਰ ਦੀ ਬਹੁਤੀ ਦਿਲਚਸਪੀ ਨਹੀਂ ਜਾਪਦੀ। ਇਸੇ ਕਾਰਨ ਪਹਿਲਾਂ ਅਧਿਆਪਕਾਂ ਦੀਆਂ ਤਨਖ਼ਾਹਾਂ 'ਤੇ ਕੁਹਾੜਾ ਚਲਾਉਣ ਮਗਰੋਂ ਹੁਣ ਸਰਕਾਰ ਸਕੂਲੀ ਵਿਦਿਆਰਥੀਆਂ ਨੂੰ ਵਰਦੀ ਦੇਣ ਵਿੱਚ ਨਹੀਂ ਆ ਰਹੀ। ਠੰਢ ਸ਼ੁਰੂ ਹੋਈ ਨੂੰ ਦੋ ਮਹੀਨੇ ਹੋਣ ਜਾ ਰਹੇ ਹਨ, ਪਰ ਹਾਲੇ ਤਕ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਿਆਲਾਂ ਵਾਲੀ ਵਰਦੀ ਨਸੀਬ ਨਹੀਂ ਹੋਈ ਤੇ ਬੱਚੇ ਬਗ਼ੈਰ ਵਰਦੀ ਤੋਂ ਹੀ ਸਕੂਲ ਆ ਰਹੇ ਹਨ।
ਗੁਰੂ ਨਗਰੀ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਕਹਿਣਾ ਹੈ ਕਿ ਸਾਨੂੰ ਹਾਲੇ ਤਕ ਵਰਦੀ ਨਹੀਂ ਮਿਲੀ, ਇਸੇ ਲਈ ਉਹ ਘਰ ਪਾਉਣ ਵਾਲੇ ਕੱਪੜੇ ਤੇ ਚੱਪਲ ਆਦਿ ਪਾ ਕੇ ਹੀ ਸਕੂਲ ਜਾਂਦੇ ਹਨ। ਅੰਮ੍ਰਿਤਸਰ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਸੰਤੋਸ਼ ਕੁਮਾਰੀ ਤੇ ਪ੍ਰਿੰਸੀਪਲ ਰਾਜਵੰਤ ਕੌਰ ਮੁਤਾਬਕ ਉਹ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਸਕੂਲ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੀ ਹਾਲਤ ਕਾਫੀ ਤਰਸਯੋਗ ਸੀ ਤੇ ਉਨ੍ਹਾਂ ਮੁਰੰਮਤ ਤੇ ਸਫੈਦੀ ਵਗੈਰਾ ਪੈਸੇ ਇਕੱਠੇ ਕਰ ਕੇ ਕਰਵਾਈ ਹੈ, ਪਰ ਸਰਕਾਰੀ ਗ੍ਰਾਂਟ ਨਹੀਂ ਮਿਲੀ। ਉਨ੍ਹਾਂ ਸਰਦੀਆਂ ਵਾਲੀਆਂ ਵਰਦੀਆਂ ਨਾ ਮਿਲਣ 'ਤੇ ਕਿਹਾ ਕਿ ਉਹ ਆਪਣੀ ਜੇਬ ਵਿੱਚੋਂ ਵੀ ਕਿੰਨਾ ਕੁ ਪੈਸਾ ਲਾ ਸਕਦੇ ਹਨ। ਠੰਢ ਮੁੱਕਣ 'ਤੇ ਆਈ ਹੈ ਤੇ ਹਾਲੇ ਤਕ ਸਰਕਾਰ ਨੇ ਵਰਦੀਆਂ ਨਹੀਂ ਭੇਜੀਆਂ।
ਜ਼ਿਕਰਯੋਗ ਹੈ ਕਿ ਬੀਤੀ ਦੋ ਜਨਵਰੀ ਨੂੰ ਸਕੂਲੀ ਵਿੱਦਿਆ ਮਾਮਲਿਆਂ ਦੇ ਨਿਰਦੇਸ਼ਕ ਪ੍ਰਸ਼ਾਂਤ ਗੋਇਲ ਨੇ ਮੀਡੀਆ ਨੂੰ ਬਿਆਨ ਦਿੱਤਾ ਸੀ ਕਿ ਪਹਿਲੀ ਤੋਂ ਅੱਠਵੀਂ ਜਮਾਤ ਦੇ ਰਾਖਵਾਂਕਰਨ ਦਾ ਲਾਭ ਲੈਣ ਵਾਲੇ ਵਿਦਿਆਰਥੀਆਂ ਤੇ ਅਤਿ ਗ਼ਰੀਬ ਬੱਚਿਆਂ ਲਈ ਠੰਢ ਵਾਲੀਆਂ ਵਰਦੀਆਂ ਖਰੀਦਣ ਲਈ 76.5 ਲੱਖ ਰੁਪਏ ਲੋੜੀਂਦੇ ਹਨ ਤੇ ਵਰਦੀਆਂ ਖਰੀਦਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਮੰਨਿਆ ਕਿ ਇਹ ਪ੍ਰਕਿਰਿਆ ਸਿਆਲ ਸ਼ੁਰੂ ਹੋਣ ਤੋਂ ਤਿੰਨ ਮਹੀਨੇ ਪਹਿਲਾਂ ਹੀ ਆਰੰਭ ਕਰਨੀ ਚਾਹੀਦੀ ਸੀ।
ਵਿਭਾਗ ਨੂੰ ਫੰਡਾਂ ਵਿੱਚੋਂ ਕੇਂਦਰ ਦਾ 60% ਹਿੱਸਾ ਮਿਲ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ 40% ਹਿੱਸੇ ਦੀ ਉਡੀਕ ਹੈ। ਪਰ ਹਾਲੇ ਤਕ ਵਰਦੀਆਂ ਨਹੀਂ ਖਰੀਦੀਆਂ ਗਈਆਂ। ਸਿੱਖਿਆ ਮੰਤਰੀ ਓਪੀ ਸੋਨੀ ਨੇ ਇਸ ਮਾਮਲੇ ਬਾਰੇ ਇੰਨਾ ਜ਼ਰੂਰ ਕਿਹਾ ਕਿ ਪ੍ਰਤੀ ਵਿਦਿਆਰਥੀ ਲਈ ਵਰਦੀ ਭੱਤਾ 400 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤਾ ਗਿਆ ਹੈ, ਪਰ ਬੱਚਿਆਂ ਨੂੰ ਵਰਦੀਆਂ ਨਾ ਮਿਲਣ ਵਾਲੇ ਮੁੱਦੇ 'ਤੇ ਉਨ੍ਹਾਂ ਕੁਝ ਨਾ ਕਿਹਾ।
Education Loan Information:
Calculate Education Loan EMI