ਚੰਡੀਗੜ੍ਹ: ਪੱਕਾ ਕਰਨ ਬਦਲੇ ਆਪਣੀਆਂ ਤਨਖ਼ਾਹਾਂ ਵਿੱਚ ਕਟੌਤੀ ਕੀਤੇ ਜਾਣ ਦੇ ਰੋਸ ਵਿੱਚ ਐਸਐਸਏ-ਰਮਸਾ ਅਧਿਆਪਕਾਂ ਨੇ ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ। ਸ਼ਾਮ ਸਮੇਂ ਕੀਤੇ ਇਸ ਪੁਤਲਾ ਫੂਕ ਪ੍ਰਦਰਸ਼ਨ ਨੂੰ ਅਧਿਆਪਕਾਂ ਨੇ ਦੁਸਹਿਰੇ ਦੇ ਥੀਮ ਵਾਂਗ ਰੱਖਿਆ।

ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿੱਚ ਅਧਿਆਪਕਾਂ ਰਾਵਣ ਰੂਪੀ ਕੈਪਟਨ ਦੇ ਪੁਤਲੇ ਸਾੜੇ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਟਿਆਲਾ ਤੋਂ ਇਲਾਵਾ ਬਠਿੰਡਾ, ਮੋਗਾ, ਫ਼ਰੀਦਕੋਟ ਅਤੇ ਹੋਰ ਵੀ ਕਈ ਸ਼ਹਿਰਾਂ ਵਿੱਚ ਪੁਤਲੇ ਫੂਕੇ।



ਜ਼ਿਕਰਯੋਗ ਹੈ ਕਿ ਬੀਤੀ ਤਿੰਨ ਅਕਤੂਬਰ ਨੂੰ ਪੰਜਾਬ ਕੈਬਨਿਟ ਨੇ ਪਿਛਲੇ 10 ਸਾਲਾਂ ਤੋਂ ਕੇਂਦਰ ਦੇ ਐਸਐਸਏ-ਰਮਸਾ ਵਿਦਿਅਕ ਸਕੀਮਾਂ ਤਹਿਤ ਭਰਤੀ ਹੋਏ 8,886 ਅਧਿਆਪਕਾਂ ਅਤੇ ਅਦਰਸ਼ ਤੇ ਮਾਡਲ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਲਈ ਤਨਖ਼ਾਹ ਵਿੱਚ ਕਟੌਤੀ ਕਰਨ ਤੇ ਪਰਖ ਕਾਲ ਦੀ ਸ਼ਰਤ ਰੱਖ ਦਿੱਤੀ ਸੀ। ਅਧਿਆਪਕ ਇਸ ਸ਼ਰਤ ਦਾ ਲਗਾਤਾਰ ਵਿਰੋਧ ਕਰ ਰਹੇ ਹਨ।

ਹਾਲਾਂਕਿ, ਸਰਕਾਰ ਦਾ ਦਾਅਵਾ ਸੀ ਕਿ 90 ਫ਼ੀਸਦ ਅਧਿਆਪਕ ਇਸ ਸ਼ਰਤ ਨੂੰ ਮੰਨ ਕੇ ਪੱਕੇ ਹੋਣ ਲਈ ਤਿਆਰ ਹਨ, ਪਰ ਬੀਤੇ ਕੱਲ੍ਹ ਸਰਕਾਰ 8,886 ਵਿੱਚੋਂ ਸਿਰਫ਼ 490 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਵਿੱਚ ਸਫ਼ਲ ਹੋਈ। ਹੁਣ ਅਧਿਆਪਕ ਆਪਣਾ ਰੋਸ ਹੋਰ ਵੀ ਤੇਜ਼ ਕਰ ਰਹੇ ਹਨ ਅਤੇ ਆਉਂਦੀ 21 ਤਾਰੀਖ਼ ਨੂੰ ਇੱਕ ਵਾਰ ਫਿਰ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ।

Education Loan Information:

Calculate Education Loan EMI