ਚੰਡੀਗੜ੍ਹ: ਸਿੱਖਿਆ ਮੰਤਰੀ ਓਪੀ ਸੋਨੀ ਨੇ ਤਨਖਾਹ ਕਟੌਤੀ ਖਿਲਾਫ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਕੋਰੀ ਨਾਂਹ ਕਹਿ ਦਿੱਤੀ ਹੈ। ਸਿੱਖਿਆ ਮੰਤਰੀ ਦੀ ਅੱਜ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਸੀ ਪਰ ਉਨ੍ਹਾਂ ਕਿਹਾ ਕਿ ਪਹਿਲਾਂ ਹੜਤਾਲ ਖਤਮ ਕਰੋ ਤੇ ਸਕੂਲਾਂ ਵਿੱਚ ਵਾਪਸ ਜਾਓ। ਇਸ ਮਗਰੋਂ ਹੀ ਸਰਕਾਰ ਗੱਲਬਾਤ ਕਰੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪੀਏ ਨੇ ਅਧਿਆਪਕਾਂ ਨੂੰ ਮੀਟਿੰਗ ਲਈ ਸਮਾਂ ਦਿੱਤਾ ਸੀ ਪਰ ਜਿਹੜੇ ਹੜਤਾਲ ਕਰ ਰਹੇ ਹਨ ਉਨ੍ਹਾਂ ਨਾਲ ਗੱਲ਼ਬਾਤ ਕਾਹਦੀ।


ਸਿੱਖਿਆ ਮੰਤਰੀ ਦੇ ਕੋਰੇ ਜਵਾਬ ਮਗਰੋਂ ਪੰਜਾਬ ਸਰਕਾਰ ਤੇ ਮੁਲਾਜ਼ਮਾਂ ਦਾ ਟਕਰਾਅ ਹੋਰ ਵਧਦਾ ਨਜ਼ਰ ਆ ਰਿਹਾ ਹੈ। ਅਧਿਆਪਕਾਂ ਦੀ ਤਨਖਾਹ ਕਟੌਤੀ ਤੇ ਹੋਰ ਮੁੱਦਿਆਂ 'ਤੇ ਪੰਜਾਬ ਸਰਕਾਰ ਨੇ ਸਖਤੀ ਵਾਲਾ ਰਾਹ ਅਖਤਿਆਰ ਕੀਤਾ ਹੈ। ਇਸ ਕਰਕੇ ਮੁਲਾਜ਼ਮ ਜਥੇਬੰਦੀਆਂ ਵਿੱਚ ਰੋਹ ਵਧ ਗਿਆ ਹੈ। ਹੁਣ ਤੱਕ ਸ਼ਾਂਤੀ ਪੂਰਵਕ ਸੰਘਰਸ਼ ਕਰ ਰਹੇ ਮੁਲਾਜ਼ਮ ਹੁਣ ਫ਼ੈਸਲਾਕੁਨ ਘੋਲ ਵਿੱਢਣ ਜਾ ਰਹੇ ਹਨ। ਮੁਲਾਜ਼ਮਾਂ ਜਥੇਬੰਦੀਆਂ ਨੂੰ ਕਿਸਾਨ ਤੇ ਹੋਰ ਜਮਹੂਰੀ ਜਥੇਬੰਦੀਆਂ ਦਾ ਵੀ ਸਾਥ ਮਿਲ ਗਿਆ ਹੈ। ਇਸ ਲਈ ਅਗਲੇ ਦਿਨਾਂ ਵਿੱਚ ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਟਕਰਾਅ ਵਧਣ ਦੇ ਆਸਾਰ ਹਨ।

ਸਾਂਝੇ ਅਧਿਆਪਕ ਮੋਰਚੇ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਦੇ ਮਸਲਿਆਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ ਦੋ ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲੇ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰ ਕੇ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਫੈਡਰੇਸ਼ਨਾਂ ਤੇ ਜਨਤਕ ਜਥੇਬੰਦੀਆਂ ਵੀ ਉਨ੍ਹਾਂ ਦੇ ਨਾਲ ਡਟ ਗਈਆਂ ਹਨ।

ਉਨ੍ਹਾਂ ਆਖਿਆ ਕਿ 8886 ਅਧਿਆਪਕਾਂ ਦੀ ਤਨਖ਼ਾਹ ਵਿੱਚ ਕਟੌਤੀ ਕਰਕੇ ਲਾਗੂ ਕੀਤੀ ਰੈਗੂਲਰ ਕਰਨ ਦੀ ਨੀਤੀ ਦੀ ਥਾਂ ਪੂਰੀਆਂ ਤਨਖ਼ਾਹਾਂ ’ਤੇ ਸੇਵਾਵਾਂ ਪੱਕੀਆਂ ਕਰਵਾਉਣ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੂਲਰ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਤਬਦੀਲ ਕਰਵਾਉਣ ਤੇ ਹੋਰ ਵਿਭਾਗੀ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਪੱਕਾ ਮੋਰਚਾ 47ਵੇਂ ਦਿਨ ਵਿਚ ਦਾਖ਼ਲ ਹੋ ਗਿਆ ਤੇ ਅਜੇ ਵੀ ਸੁਣਵਾਈ ਨਹੀਂ ਹੋ ਰਹੀ।

Education Loan Information:

Calculate Education Loan EMI