ਕੋਰੋਨਾਵਾਇਰਸ ਦੇ ਪ੍ਰਭਾਵ ਕਾਰਨ ਕੇਰਲ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਸੂਬੇ ‘ਚ ਚੁਣੇ ਗਏ ਨੁਮਾਇੰਦਿਆਂ ਦੀ ਤਨਖਾਹ ‘ਚ ਇੱਕ ਸਾਲ ਲਈ 30 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਾਰੇ ਮੰਤਰੀਆਂ, ਵਿਧਾਇਕਾਂ, ਸਰਕਾਰੀ ਬੋਰਡ ਦੇ ਮੈਂਬਰਾਂ ਤੇ ਹੋਰ ਨੁਮਾਇੰਦਿਆਂ ਨੂੰ ਅਗਲੇ ਇੱਕ ਸਾਲ ਲਈ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਤੇ ਮਾਣ ਭੱਤੇ ‘ਚ 30 ਫੀਸਦ ਕਟੌਤੀ ਕੀਤੀ ਜਾਵੇਗੀ।
ਕੇਰਲ ਭਾਰਤ ਦਾ ਉਹ ਹੀ ਸੂਬਾ ਹੈ ਜਿਥੇ ਕੋਰੋਨਾਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਸ਼ੁਰੂਆਤ ‘ਚ ਕੇਰਲ ‘ਚ ਤਿੰਨ ਮਰੀਜ਼ ਕੋਰੋਨਾ ਸੰਕਰਮਿਤ ਪਾਏ ਗਏ, ਜੋ ਜਲਦੀ ਠੀਕ ਹੋ ਗਏ। ਇਸ ਤੋਂ ਬਾਅਦ ਦੇਸ਼ ਭਰ ਤੋਂ ਕੋਰੋਨਾ ਦੇ ਮਰੀਜ਼ ਸਾਹਮਣੇ ਆਉਣ ਲੱਗੇ। ਸਿਹਤ ਮੰਤਰਾਲੇ ਅਨੁਸਾਰ ਕੁੱਲ 438 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ਤੇ ਕੇਰਲ ‘ਚ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਹੈ। ਹਾਲਾਂਕਿ 323 ਵਿਅਕਤੀ ਠੀਕ ਹੋ ਚੁੱਕੇ ਹਨ।
ਉਥੇ ਹੀ ਦੇਸ਼ ਭਰ ‘ਚ 21,393 ਵਿਅਕਤੀ ਕੋਰੋਨਾ ਪ੍ਰਭਾਵਿਤ ਹਨ। 681 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ 4258 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ।