ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤਕ 1,84,217 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 26,37,673 ਲੋਕ ਇਸ ਤੋਂ ਪੀੜਤ ਹਨ। ਕੋਰੋਨਾ ਦੀ ਭਿਆਨਕ ਲਾਗ ਤੋਂ ਹੁਣ ਤਕ 7,17,625 ਜਣੇ ਠੀਕ ਵੀ ਹੋ ਚੁੱਕੇ ਹਨ। ਇਸ ਖ਼ਤਰਨਾਕ ਮੰਜ਼ਰ ਨੂੰ ਦੇਖਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਆਰਜ਼ੀ ਤੌਰ 'ਤੇ ਪ੍ਰਵਾਸ ਨੂੰ ਰੋਕਣ ਦੇ ਹੁਕਮਾਂ 'ਤੇ ਦਸਤਖ਼ਤ ਕਰ ਦਿੱਤੇ ਹਨ। ਹੁਣ ਅਮਰੀਕਾ ਵਿੱਚ ਆਉਂਦੇ 60 ਦਿਨਾਂ ਤਕ ਵਿਦੇਸ਼ੀ ਨਾਗਰਿਕਾਂ ਦੇ ਆਉਣ-ਜਾਣ 'ਤੇ ਰੋਕ ਲੱਗ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਦੇ ਮੌਕੇ ਪਹਿਲਾਂ ਮਿਲਣਗੇ। ਟਰੰਪ ਨੇ ਕਿਹਾ ਕਿ ਬੇਰੁਜ਼ਗਾਰ ਅਮਰੀਕੀਆਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਵਾਸ 'ਤੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਮਰੀਕੀਆਂ ਨੂੰ ਪਹਿਲਾਂ ਨੌਕਰੀ ਤੇ ਸਿਹਤ ਸੁਵਿਧਾ ਮਿਲੇ। ਅਸੀਂ ਪਹਿਲਾਂ ਆਪਣੇ ਨਾਗਰਿਕਾਂ ਜੀ ਸੁਰੱਖਿਆ ਚਾਹੁੰਦੇ ਹਾਂ। 60 ਦਿਨਾਂ ਬਾਅਦ ਇਸ ਦੀ ਸੀਮਾਂ ਵਧਾ ਵੀ ਸਕਦੇ ਹਾਂ।