ਕੈਪਟਨ ਸਰਕਾਰ ਤੋਂ ਨਹੀਂ ਚੁੱਕਿਆ ਜਾ ਰਿਹਾ ਸਰਕਾਰੀ ਸਕੂਲਾਂ ਦਾ ਭਾਰ
ਏਬੀਪੀ ਸਾਂਝਾ | 04 Apr 2018 03:30 PM (IST)
ਲੁਧਿਆਣਾ: ਵਾਰ-ਵਾਰ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਦੇਣ ਵਾਲੀ ਕੈਪਟਨ ਸਰਕਾਰ ਸਕੂਲੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਜਾਪਦੀ ਹੈ। ਲੁਧਿਆਣਾ ਦੇ ਤਾਜਪੁਰ ਰੋਡ 'ਤੇ ਪ੍ਰਾਇਮਰੀ ਸਕੂਲ ਦਾ ਬਿਜਲੀ ਕੁਨੈਕਸ਼ਨ ਵੀ ਸ਼ਾਇਦ ਸਰਕਾਰ ਨੇ (ਸ਼ਾਇਦ) ਖ਼ਜ਼ਾਨਾ ਖਾਲੀ ਹੋਣ ਕਰਕੇ ਕੱਟਣ ਦੇ ਦਿੱਤਾ ਹੈ। ਤਾਜਪੁਰ ਰੋਡ 'ਤੇ ਸਥਿਤ ਪ੍ਰਾਇਮਰੀ ਸਕੂਲ ਦਾ ਬਿਜਲੀ ਦਾ ਬਿੱਲ 96,000 ਰੁਪਏ ਬਕਾਇਆ ਪਿਆ ਹੈ, ਜਿਸ ਦੀ ਅਦਾਇਗੀ ਨਹੀਂ ਹੋ ਰਹੀ। ਬਿਜਲੀ ਵਿਭਾਗ ਨੇ ਸਕੂਲ ਦਾ ਕੁਨੈਕਸ਼ਨ ਕੱਟ ਦਿੱਤਾ ਤੇ ਨਾਲ ਹੀ ਮੀਟਰ ਵੀ ਉਤਾਰ ਲਿਆ। ਹੁਣ ਪੂਰੇ ਸਕੂਲ ਵਿੱਚ ਬੱਚੇ ਹਨੇਰੇ ਤੇ ਗਰਮੀ ਵਿੱਚ ਪੜ੍ਹਾਈ ਕਰਦੇ ਹਨ। ਸਕੂਲ ਦੇ ਪ੍ਰਿੰਸੀਪਲ ਮਹਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਉਨ੍ਹਾਂ ਦੇ ਸਕੂਲ ਦਾ ਕੁਨੈਕਸ਼ਨ ਕੱਟਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਨੂੰ ਇਸ ਦੀ ਸ਼ਿਕਾਇਤ ਵੀ ਭੇਜੀ ਹੈ ਪਰ ਫੰਡ ਨਾ ਹੋਣ ਕਾਰਨ ਬਿੱਲ ਦੀ ਅਦਾਇਗੀ ਨਾ ਹੋ ਸਕੀ। ਇਸ ਕਾਰਨ ਬੱਚੇ ਬਿਨਾ ਰੌਸ਼ਨੀ ਤੇ ਪੱਖੇ ਤੋਂ ਪੜ੍ਹਾਈ ਕਰ ਰਹੇ ਹਨ। ਇਸ ਮਸਲੇ 'ਤੇ ਇਲਾਕੇ ਤੋਂ ਅਕਾਲੀ ਦਲ ਦੇ ਕੌਂਸਲਰ ਬਲਵਿੰਦਰ ਸਿੰਘ ਨੇ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਸਕੂਲਾਂ ਦੇ ਬਿੱਲਾਂ ਦੀ ਅਦਾਇਗੀ ਨਹੀਂ ਕਰ ਸਕਦੀ ਉਹ ਵਧੀਆ ਸਿੱਖਿਆ ਕਿੱਥੋਂ ਮੁਹੱਈਆ ਕਰਵਾਏਗੀ।