ਜਲੰਧਰ: ਪੰਜਾਬ ਸਰਕਾਰ ਨੇ 31 ਮਾਰਚ ਤੱਕ ਸੂਬੇ ਵਿੱਚ ਸਕੂਲ ਅਤੇ ਕਾਲਜ ਬੰਦ ਕਰਨ ਦਾ ਸਖਤ ਆਦੇਸ਼ ਦਿੱਤਾ ਸੀ ਅਤੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਕੋਵਿਡ -19 ਦੇ ਵਧ ਰਹੇ ਅੰਕੜਿਆਂ ਦੇ ਮੱਦੇਨਜ਼ਰ 11 ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਜਲੰਧਰ 'ਚ ਸਿਵਲ ਪ੍ਰਸ਼ਾਸਨ ਅਤੇ ਸਰਕਾਰ ਨੇ ਕੋਵਿਡ -19 ਦੇ ਅੰਕੜਿਆਂ 'ਤੇ ਨਿਰਦੇਸ਼ ਜਾਰੀ ਕਰਦਿਆਂ ਸਕੂਲ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਪਰ ਉਨ੍ਹਾਂ ਹੁਕਮਾਂ ਦੀ ਅਣਦੇਖੀ ਕਰਦਿਆਂ, ਜਲੰਧਰ ਦੇ ਬਹੁਤ ਸਾਰੇ ਸਕੂਲਾਂ ਨੇ ਬੱਚਿਆਂ ਨੂੰ ਬੁਲਾਏ ਤੇ ਪੇਪਰ ਲਏ।
ਇਸ ਦੌਰਾਨ ਬੱਚੇ ਬਿਨ੍ਹਾ ਮਾਸਕ ਕਲਾਸ 'ਚ ਬੈਠੇ ਨਜ਼ਰ ਆਏ ਤੇ ਸੋਸ਼ਲ ਡਿਸਟੇਨਸਿੰਗ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਬੈਂਚ 'ਤੇ ਦੋ-ਦੋ ਬੱਚੇ ਬਿਠਾਏ ਗਏ। ਤਸਵੀਰਾਂ ਤੋਂ ਇਹ ਸਪੱਸ਼ਟ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਨੂੰ ਅਣਦੇਖਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਡੀਓ ਸੈਕੰਡਰੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜਿਹੜੇ ਸਕੂਲ ਅੱਜ ਖੁੱਲ੍ਹੇ ਸਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਖਤ ਹਦਾਇਤਾਂ ਹਨ, ਮਾਸਕ ਪਾਉਣਾ ਅਤੇ ਸੋਸ਼ਲ ਡਿਸਟੇਨਸਿੰਗ ਦਾ ਪਾਲਣ ਕਰਨਾ ਲਾਜ਼ਮੀ ਹੈ ਅਤੇ ਜੋ ਵੀ ਉਨ੍ਹਾਂ ਦੀ ਪਾਲਣਾ ਨਹੀਂ ਕਰਦਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਦੋਂ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹ ਗਲਤੀ ਮੰਨਣ ਤੋਂ ਇਨਕਾਰ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪੰਜਵੀਂ ਤੇ ਅੱਠਵੀਂ ਜਮਾਤ ਦੇ ਬੱਚਿਆਂ 'ਚ ਬੋਰਡ ਦੇ ਪੇਪਰਾਂ ਦੀ ਜਾਣਕਾਰੀ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਅੱਜ ਬੁਲਾਇਆ ਗਿਆ ਹੈ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਬੱਚਿਆਂ ਦੇ ਮਾਤਾ-ਪਿਤਾ ਨੂੰ 31 ਮਾਰਚ ਤੱਕ ਸਕੂਲ ਨਾ ਭੇਜਣ ਬਾਰੇ ਦੱਸਿਆ ਗਿਆ ਹੈ।