ਨਵੀਂ ਦਿੱਲੀ: ਭਾਰਤੀ ਫੌਜ ਨੇ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਭਾਰਤੀ ਸੈਨਾ ਦੀ ਚਿਨਾਰ ਕੋਰਪਸ ਨੇ ਕਿਹਾ ਕਿ ਉਨ੍ਹਾਂ ਨੇ 30 ਅਗਸਤ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਰਾਮਪੁਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਇੱਕ ਪਿੰਡ ਨੇੜੇ ਸ਼ੱਕੀ ਵਿਅਕਤੀਆਂ ਦੀਆਂ ਹਰਕਤਾਂ ਵੇਖੀਆਂ। ਇਸ ਤੋਂ ਬਾਅਦ ਕਈ ਟਿਕਾਣਿਆਂ ਦਾ ਪਰਦਾਫਾਸ਼ ਕੀਤਾ ਗਿਆ ਤੇ ਵੱਡੀ ਮਾਤਰਾ 'ਚ ਅਸਲਾ ਤੇ ਹੋਰ ਹਥਿਆਰ ਬਰਾਮਦ ਕੀਤੇ ਗਏ।
ਚਿਨਾਰ ਕੋਰਪਸ ਨੇ ਦੱਸਿਆ ਕਿ ਇਹ ਲੋਕ ਕੰਟਰੋਲ ਰੇਖਾ ਨੇੜੇ ਹਥਿਆਰ ਤੇ ਗੋਲਾ ਬਾਰੂਦ ਛੱਡ ਜਾਂਦੇ ਸੀ, ਜਿਨ੍ਹਾਂ ਨੂੰ ਓਵਰਗ੍ਰਾਊਂਡ ਵਰਕਰ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਕਰਦੇ ਸੀ।
ਸੈਨਾ ਅਨੁਸਾਰ ਪ੍ਰਭਾਵਿਤ ਖੇਤਰ ਤੇ ਖਰਾਬ ਮੌਸਮ ਦੇ ਮੱਦੇਨਜ਼ਰ ਘੁਸਪੈਠ ਦੀਆਂ ਸੰਭਾਵੀ ਕੋਸ਼ਿਸ਼ਾਂ ਲਈ ਅਲਰਟ ਜਾਰੀ ਕੀਤਾ ਗਿਆ ਸੀ। ਸਾਰੇ ਖੇਤਰ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਸੀ। ਸਾਰੀ ਰਾਤ ਨਿਗਰਾਨੀ ਜਾਰੀ ਰਹੀ। ਜਦੋਂ ਸੈਨਾ ਨੇ ਨਿਗਰਾਨੀ ਤੋਂ ਬਾਅਦ ਭਾਲ ਸ਼ੁਰੂ ਕੀਤੀ ਤਾਂ ਰਾਮਪੁਰ ਸੈਕਟਰ 'ਚ ਚਿਨਾਰ ਕੋਰਪਸ ਦੇ ਜਵਾਨਾਂ ਨੇ ਵੱਡੀ ਮਾਤਰਾ 'ਚ ਗੋਲਾ ਬਾਰੂਦ ਤੇ ਕਈ ਹਥਿਆਰ ਬਰਾਮਦ ਕੀਤੇ।