‘ਏਬੀਪੀ ਸਾਂਝਾ’ ਦੀ ਪੜਤਾਲ
ਯਾਦਵਿੰਦਰ ਸਿੰਘ
ਮਾਨਸਾ: "ਮੇਰਾ ਪੁੱਤ ਸ਼ਾਮ ਨੂੰ ਮੇਰੇ ਮੰਜੇ 'ਤੇ ਮੇਰੀ ਗੋਦੀ 'ਚ ਬਹਿ ਕੇ ਕਹਿੰਦਾ 'ਮਾਂ ਤੇਰਾ ਪੁੱਤ ਮਰਨ ਲੱਗਿਐ'। ਮੈਂ ਯਕੀਨ ਨਾ ਕੀਤਾ। ਲੱਗਿਆ ਐਵੇਂ ਕਹਿੰਦਾ। ਕਹਿਣ ਦੇ ਨਾਲ ਹੀ ਓਹਨੂੰ ਉਲਟੀ ਆ ਗਈ। ਸਲਫਾਸ ਖਾ ਲਈ ਸੀ ਓਹਨੇ। ਅਸੀਂ ਚੱਕ ਕੇ ਹਸਪਤਾਲ ਲੈ ਕੇ ਗਏ ਪਰ ਬਚਾ ਨਾ ਸਕੇ।" ਮਾਨਸਾ ਦੇ ਪਿੰਡ ਉਡਤ ਭਗਤ ਰਾਮ ਦੇ ਸਵਰਗੀ ਬਲਜੀਤ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਇਹ ਦਰਦ ਬਿਆਨ ਕੀਤਾ ਹੈ। ਬਲਜੀਤ ਨੇ ਪਿਛਲੇ ਸਾਲ ਖ਼ੁਦਕੁਸ਼ੀ ਕੀਤੀ ਸੀ। ਜਿਹੜੇ ਮਾਂ ਨੇ ਪੁੱਤ ਨੂੰ ਲਾਡ ਲੜਾਇਆ ਸੀ, ਉਹ ਓਹਦੇ ਸਾਹਮਣੇ ਦੁਨੀਆ ਤੋਂ ਚਲਾ ਗਿਆ।
ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਬਲਜੀਤ ਦੀ ਵਿਧਵਾ ਪਤਨੀ ਦੀ ਉਮਰ 28 ਸਾਲ ਹੈ। ਸਿਰਫ਼ 9 ਸਾਲ ਪਹਿਲਾਂ ਮਨਦੀਪ ਦਾ ਵਿਆਹ ਬਲਜੀਤ ਨਾਲ ਹੋਇਆ ਸੀ। ਮਨਦੀਪ ਨੇ ਬੀ.ਏ. ਕੀਤੀ ਹੋਈ ਹੈ। ਸਕੂਲ 'ਚ ਪੜ੍ਹਾਉਂਦੀ ਸੀ ਤੇ ਟਿਊਸ਼ਨਾਂ ਨਾਲ ਗੁਜ਼ਾਰਾ ਕਰਦੀ ਸੀ ਪਰ ਪਤੀ ਦੀ ਮੌਤ ਨੇ ਇਕਦਮ ਉਸ ਨੂੰ ਘੇਰ ਲਿਆ। ਮਨਦੀਪ ਦਾ ਪਹਿਲਾ ਜਸ਼ਨਦੀਪ ਨਾਂ ਦਾ ਬੱਚਾ ਮੁੰਦਬੁੱਧੀ ਪੈਦਾ ਹੋਇਆ। ਉਸ ਦੇ ਇਲਾਜ਼ 'ਤੇ ਲੱਖਾਂ ਰੁਪਏ ਖਰਚ ਹੋ ਗਏ ਪਰ ਉਹ ਠੀਕ ਨਾ ਹੋਇਆ।
ਬਲਜੀਤ ਕੋਲ ਢਾਈ ਕਿੱਲੇ ਜ਼ਮੀਨ ਸੀ ਤੇ 7 ਦਾ ਲੱਖ ਦਾ ਕਰਜ਼ਾ ਸੀ। ਸਹਿਕਾਰੀ ਸਭਾ ਦਾ ਕਰਜ਼ਾ ਤਾਂ ਘੱਟ ਹੈ। ਆੜ੍ਹਤੀਆਂ ਤੇ ਬੈਂਕਾਂ ਦਾ ਕਰਜ਼ਾ ਜ਼ਿਆਦਾ ਸੀ। ਕਰਜ਼ੇ ਨੇ ਬਲਜੀਤ ਨਿਗਲ ਲਿਆ ਪਰ ਪਰਿਵਾਰ ਉੱਪਰ ਅਜੇ ਵੀ ਕਰਜ਼ ਬਰਕਰਾਰ ਹੈ। ਬਲਜੀਤ ਦੀ ਮਾਂ ਬਲਵਿੰਦਰ ਕਹਿੰਦੇ ਹਨ ਕਿ ਸਿਆਸੀ ਪਾਰਟੀਆਂ ਦੇ ਲੀਡਰ ਚੋਣਾਂ ਵੇਲੇ ਆ ਜਾਂਦੇ ਹਨ ਪਰ ਵੈਸੇ ਸਾਰ ਨਹੀਂ ਲੈਂਦੇ।
ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਪਾਰਟੀ ਜਾਂ ਕਿਸਾਨ ਯੂਨੀਅਨ ਨੇ ਉਨ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਜਾਣ ਵਾਲਾ ਚਲਾ ਗਿਆ। ਕਿਸੇ ਨੂੰ ਕੀ ਫਰਕ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ 'ਤੇ ਕਰਜ਼ਾ ਲਗਾਤਾਰ ਵਧ ਰਿਹਾ ਹੈ। ਕੈਪਟਨ ਸਰਕਾਰ ਨੇ ਸਾਡਾ ਅਜੇ ਤੱਕ ਇੱਕ ਰੁਪਇਆ ਵੀ ਮੁਆਫ ਨਹੀਂ ਕੀਤਾ।