'ਏਬੀਪੀ ਸਾਂਝਾ' ਦੀ ਪੜਤਾਲ

ਯਾਦਵਿੰਦਰ ਸਿੰਘ

ਬਠਿੰਡਾ: ਬੇਬੇ ਬਚਨ ਕੌਰ ਦੀ ਉਮਰ 80 ਸਾਲ ਹੈ। ਇਸ ਉਮਰ 'ਚ ਪੁੱਤ ਮਾਵਾਂ ਦੀ ਸੇਵਾ ਕਰਦੇ ਹਨ ਪਰ ਇਹ ਮਾਂ ਦਾ ਦਰਦ ਬਹੁਤ ਵੱਡਾ ਹੈ। ਬਚਨ ਕੌਰ ਦੇ ਪੰਜ ਪੁੱਤ ਸੀ ਤੇ ਕਰਜ਼ੇ ਦੀ ਮਾਰ ਕਾਰਨ ਚਾਰ ਇਸ ਦੁਨੀਆ ਤੋਂ ਚਲੇ ਗਏੇ। ਬੇਬੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾੜੀ 'ਚ ਰਹਿੰਦੀ ਹੈ।



ਬੇਬੇ ਕਹਿੰਦੀ, "ਮੈਂ ਸਾਰੇ ਪੁੱਤ ਇੰਨੇ ਚਾਅ ਤੇ ਪਿਆਰ ਨਾਲ ਪਾਲੇ ਸੀ ਤੇ ਸੋਚਿਆ ਸੀ ਆਖਰੀ ਉਮਰ 'ਚ ਮਾਂ ਨੂੰ ਸਾਂਭਣਗੇ ਪਰ ਮੈਂ ਹੀ ਉਨ੍ਹਾਂ ਨੂੰ ਸਾਂਭ ਨਾ ਸਕੀ।" ਬੇਬੇ ਦੇ ਚਾਰ ਪੁੱਤ ਲਛਮਣ ਸਿੰਘ, ਬਿੱਕਰ ਸਿੰਘ, ਬਚਿੱਤਰ ਸਿੰਘ ਤੇ ਭੋਲਾ ਸਿੰਘ ਕਰਜ਼ੇ ਕਾਰਨ ਇਸ ਦੁਨੀਆ ਤੋਂ ਜਾ ਚੁੱਕੇ ਹਨ। ਹੁਣ ਪਰਿਵਾਰ ਕੋਲ ਪੰਜ ਏਕੜ ਜ਼ਮੀਨ ਹੈ ਤੇ 15 ਲੱਖ ਦਾ ਕਰਜ਼ ਹੈ। ਇਸ ਪਰਿਵਾਰ ਦਾ ਅਜੇ ਤੱਕ ਕਿਸੇ ਸਰਕਾਰ ਨੇ ਇੱਕ ਰੁਪਇਆ ਵੀ ਮੁਆਫ ਨਹੀਂ ਕੀਤਾ।



ਬੇਬੇ ਬਚਨ ਕੌਰ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਦੀ ਸਾਰ ਲਵੇ। ਉਨ੍ਹਾਂ ਕਿਹਾ, "ਸਾਡਾ ਤਾਂ ਸਾਰਾ ਪਰਿਵਾਰ ਹੀ ਕਰਜ਼ੇ ਨੇ ਖਾ ਲਿਆ ਤੇ ਸਰਕਾਰ ਨੇ ਅਜੇ ਤੱਕ ਸਾਡੀ ਇੱਕ ਰੁਪਏ ਦੀ ਮੱਦਦ ਨਹੀਂ ਕੀਤੀ ਹੈ।" ਉਨ੍ਹਾਂ ਕਿਹਾ ਕਿ ਸਰਕਾਰਾਂ ਗਰੀਬ ਕਿਸਾਨਾਂ ਦੀ ਸਾਰ ਨਹੀਂ ਲੈਂਦੀਆਂ।



ਬੇਟੇ ਦੇ ਬੇਟੇ ਬਿੰਦਰ ਸਿੰਘ ਦਾ ਕਹਿਣਾ ਹੈ, "ਮੈਨੂੰ ਨਹੀਂ ਲੱਗਦਾ ਕਿ ਮੈਥੋਂ ਕਦੇ 15 ਲੱਖ ਰੁਪਏ ਦਾ ਕਰਜ਼ਾ ਉਤਰੇਗਾ ਕਿਉਂਕਿ ਜ਼ਮੀਨ ਤੋਂ ਆਮਦਨ ਤਾਂ ਬਹੁਤ ਘੱਟ ਹੈ ਤੇ ਜ਼ਮੀਨ ਦੀ ਆਮਦਨ ਦਾ ਵੱਡਾ ਹਿੱਸਾ ਕਰਜ਼ੇ ਦਾ ਵਿਆਜ਼ ਦੇਣ 'ਚ ਹੀ ਨਿਕਲ ਜਾਂਦਾ ਹੈ।" ਉਨ੍ਹਾਂ ਦੱਸਿਆ ਕਿ ਹੁਣੇ ਬੇਟੀ ਦਾ ਵਿਆਹ ਵੀ ਕਰਜ਼ਾ ਲੈ ਕੇ ਕੀਤਾ ਹੈ ਤੇ ਹੋਰ ਕੰਮ ਵੀ ਕਰਜ਼ੇ ਨਾਲ ਹੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਜਲਦ ਤੋਂ ਜਲਦ ਸਾਡੀ ਮੱਦਦ ਕਰਨੀ ਚਾਹੀਦੀ ਹੈ।