ਅੰਮ੍ਰਿਤਸਰ: ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਗਰੀਬਾਂ ਦੇ ਠੰਢ ਨਾਲ ਮਰਨ 'ਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕੌਮੀ ਸ਼ਰਮ ਦਾ ਮੁੱਦਾ ਹੈ। ਉਨ੍ਹਾਂ ਦਿੱਲੀ ਵਿੱਚ ਜਨਵਰੀ ਮਹੀਨੇ ਠੰਢ ਨਾਲ ਮਰੇ 44 ਲੋਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਦਾ ਜਿੰਮੇਵਾਰ ਕੌਣ ਹੈ?


ਚਾਵਲਾ ਨੇ ਕਿਹਾ ਕਿ ਗਰੀਬ ਲੋਕ ਪਲੇਟਫਾਰਮਾਂ, ਫੁਟਪਾਥਾਂ ਜਾਂ ਸੜਕਾਂ ਦੇ ਕਿਨਾਰੇ ਠੰਢ ਕਾਰਨ ਤੜਫ-ਤੜਫ ਕੇ ਮਰ ਜਾਂਦੇ ਹਨ। ਦਿੱਲੀ ਵਿੱਚ 700 ਤੋਂ ਵੱਧ ਸਾਂਸਦ ਬੈਠੇ ਹਨ। ਸਾਰੀਆਂ ਰਾਸ਼ਟਰੀ ਪਾਰਟੀਆਂ ਦੇ ਵੱਡੇ ਨੇਤਾ ਵੀ ਦਿੱਲੀ ਵਿੱਚ ਰਹਿੰਦੇ ਹਨ ਤੇ ਦਿੱਲੀ ਦੇ ਤਿੰਨ ਨਗਰ ਨਿਗਮਾਂ ਦੇ ਕੌਂਸਲਰ ਵੀ ਉੱਥੇ ਹੀ ਹਨ ਜੇਕਰ ਉਹ ਇੱਕ-ਇੱਕ ਅੱਗ ਦੀ ਭੱਠੀ ਵੀ ਉਨ੍ਹਾਂ ਨੂੰ ਲਾ ਦਿੰਦੇ ਜਾਂ ਟੈਂਟ ਦੀ ਛੱਤ ਬਣਾ ਦਿੰਦੇ ਤਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ।

ਤਿਉਹਾਰਾਂ ਮੌਕੇ ਲੰਗਰ ਲਾ ਕੇ ਭੋਜਨ ਵੰਡਣਾ ਚੰਗਾ ਕੰਮ ਹੈ, ਪਰ ਜੇਕਰ ਇਹ ਹੀ ਲੰਗਰ ਜਾਂ ਚਾਹ ਦੀ ਵਿਵਸਥਾ ਗਰੀਬਾਂ ਦੀਆਂ ਬਸਤੀਆਂ ਵਿੱਚ ਕੀਤੀ ਜਾਵੇ ਤਾਂ ਕਈ ਲੋਕਾਂ ਦੀਆਂ ਜ਼ਿੰਦਗੀਆਂ ਦੀ ਰੱਖਿਆ ਕੀਤੀ ਜਾ ਸਕਦੀ ਹੈ।