ਮਿਹਰਬਾਨ ਸਿੰਘ
ਬਠਿੰਡਾ: ਪੰਜਾਬ ਸਰਕਾਰ ਦੇ ਬਜਟ ਤੋਂ ਨਾਖੁਸ਼ ਹੋਏ ਕਿਸਾਨਾਂ ਨੇ ਕੈਪਟਨ ਸਰਕਾਰ ਵਿਰੁੱਧ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੂੰ ਗੱਦਾਰ ਤੇ 800 ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਜ਼ਿੰਮੇਵਾਰ ਕਰਾਰ ਦੇ ਦਿੱਤਾ। ਕਿਸਾਨਾਂ ਨੇ ਕੈਪਟਨ 'ਤੇ ਕਤਲ ਕੇਸ ਦਰਜ ਕੀਤੇ ਜਾਣ ਦੀ ਮੰਗ ਵੀ ਕੀਤੀ।
ਕਿਸਾਨਾਂ ਨੇ ਕਿਹਾ ਹੈ ਕਿ ਸਾਨੂੰ ਕਦੇ ਵੀ ਕਿਸੇ ਸਰਕਾਰ ਤੋਂ ਕੋਈ ਉਮੀਦ ਨਹੀਂ ਰਹੀ ਸਰਕਾਰ ਭਾਵੇਂ ਕੋਈ ਵੀ ਹੋਵੇ ਉਹ ਸਿਰਫ਼ ਸਰਮਾਏਦਾਰਾਂ ਨੂੰ ਹੀ ਖੁਸ਼ ਰੱਖਣ ਵਿੱਚ ਹੀ ਯਕੀਨ ਰੱਖਦੀ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕਹੀ ਹੈ ਉਹ ਕੇਵਲ ਆਟੇ ਚ ਲੂਣ ਦੇ ਬਰਾਬਰ ਹੈ ਸਰਕਾਰ ਨੇ ਕੇਵਲ ਪੰਜਾਬ ਦੇ ਕੁੱਲ ਕਰਜ਼ੇ ਦਾ ਪੰਜ ਪ੍ਰਤੀਸ਼ਤ ਹੀ ਮੁਆਫ ਕਰਨ ਦੀ ਗੱਲ ਕਹੀ ਹੈ ਜਦਕਿ ਪੰਜਾਬ ਦੇ ਕਿਸਾਨ 8 ਤੋਂ 24 ਪ੍ਰਤੀਸ਼ਤ ਤੱਕ ਵਿਆਜ ਭਰਦੇ ਹਨ।
ਕਿਸਾਨਾਂ ਨੇ ਕਿਹਾ,"ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਜਿਸ ਕਰ ਕੇ ਲੋਕਾਂ ਨੂੰ ਉਨ੍ਹਾਂ 'ਤੇ ਯਕੀਨ ਕੀਤਾ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਗੱਲ ਜ਼ਰੂਰ ਸੁਣਨਗੇ। ਪਰ ਕੈਪਟਨ ਅਮਰਿੰਦਰ ਸਿੰਘ ਗਦਾਰ ਸਾਬਤ ਹੋਏ ਹਨ ਜੇਕਰ ਉਹ ਕਰਜ਼ਾ ਮਾਫ ਕਰ ਦਿੰਦੇ ਤਾਂ ਪੰਜਾਬ ਵਿੱਚ 800 ਕਿਸਾਨ ਆਤਮ ਹੱਤਿਆ ਨਾ ਕਰਦੇ ਇਸ ਕਰਕੇ ਕੈਪਟਨ ਖਿਲਾਫ ਉਨ੍ਹਾਂ ਦੀ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।"
ਕਿਸਾਨਾਂ ਨੇ ਕਿਹਾ ਕਿ ਸਾਨੂੰ ਸੁਣਨ ਵਿੱਚ ਆਇਆ ਹੈ ਕਿ ਪੰਜਾਬ ਸਰਕਾਰ ਨੂੰ ਖੇਤੀ ਸਬਸਿਡੀ ਤੋਂ ਖ਼ਤਰਾ ਹੈ ਅਤੇ ਹੁਣ ਸਰਕਾਰ ਜੋ ਥੋੜ੍ਹੀ ਬਹੁਤ ਰਿਆਇਤ ਦੇ ਰਹੀ ਹੈ ਉਹਦੇ ਪਿੱਛੇ ਵੀ ਇਹ ਮਨਸ਼ਾ ਹੋਏਗੀ ਕਿ ਕਿਸਾਨਾਂ ਕੋਲੋਂ ਕਿਸੇ ਹੋਰ ਤਰੀਕੇ ਨਾਲ ਕਿਵੇਂ ਵਸੂਲੀ ਕਰਨੀ ਹੈ।
ਖੇਤੀ ਵਿਭਿੰਨਤਾ ਬਾਰੇ ਕੋਈ ਵਿਸ਼ੇਸ਼ ਬਜਟ ਨਾ ਦੇਣ ਬਾਰੇ ਕਿਸਾਨਾਂ ਨੇ ਕਿਹਾ ਕਿ ਸੱਤਰ ਸਾਲਾਂ ਤੋਂ ਜਿਹੜੀ ਵੀ ਸਰਕਾਰ ਆਈ ਹੈ ਉਹ ਕਿਸਾਨ ਵਿਰੋਧੀ ਰਹੀ ਹੈ ਜੇਕਰ ਉਹ ਹਰ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰ ਦੇਣ ਤਾਂ ਕਿਸਾਨ ਚਿੜੀਆਂ ਦਾ ਦੁੱਧ ਪੈਦਾ ਕਰਨ ਦੀ ਵੀ ਹਿੰਮਤ ਰੱਖਦੇ ਹਨ। ਕਿਸਾਨਾਂ ਨੇ ਕਿਹਾ ਕਿ ਸਿਰਫ਼ ਪੰਜ ਪ੍ਰਤੀਸ਼ਤ ਕਰਜ਼ਾ ਮਾਫ਼ ਕਰਕੇ ਸਰਕਾਰ ਨੇ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਹੈ।