ਚੰਡੀਗੜ੍ਹ: ਪੰਜਾਬ ਦੀ ਜਨਤਾ 'ਤੇ ਕੋਈ ਨਵਾਂ ਟੈਕਸ ਨਹੀਂ ਲੱਗੇਗਾ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਟੈਕਸ ਮੁਕਤ ਬਜਟ ਦਾ ਐਲਾਨ ਕਰਦਿਆਂ ਕੁਝ ਸ਼ਰਤਾਂ ਨਾਲ ਨਵਾਂ ਵਿਕਾਸ ਟੈਕਸ ਵੀ ਲਾ ਦਿੱਤਾ।
ਸਰਕਾਰ ਨੇ ਬਜਟ ਵਿੱਚ 200 ਰੁਪਏ ਵਿਕਾਸ ਟੈਕਸ ਲਾਉਣ ਦਾ ਐਲਾਨ ਕੀਤਾ ਹੈ। ਇਹ ਵਿਕਾਸ ਕਰ ਸਿਰਫ਼ ਆਮਦਨ ਕਰ ਅਦਾ ਕਰਨ ਵਾਲੇ ਲੋਕਾਂ ਨੂੰ ਦੇਣਾ ਪਵੇਗਾ। ਕਰ ਤੋਂ ਮੁਕਤ ਲੋਕਾਂ ਨੂੰ ਇਸ ਦੀ ਅਦਾਇਗੀ ਨਹੀਂ ਕਰਨੀ ਹੋਵੇਗੀ। ਜਿਸ ਵਿਅਕਤੀ ਦੀ ਸਾਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਵੱਧ ਹੁੰਦੀ ਹੈ, ਨੂੰ ਆਮਦਨ ਕਰ ਅਦਾ ਕਰਨਾ ਹੁੰਦਾ ਹੈ। ਪੰਜਾਬ ਦੇ ਅਜਿਹੇ ਲੋਕ ਹੁਣ ਵਿਕਾਸ ਕਰ ਵੀ ਅਦਾ ਕਰਨਗੇ।
ਸਾਲ 2018-19 ਲਈ ਕੁੱਲ ਬਜਟ ਦਾ ਆਕਾਰ 1,29,698 ਕਰੋੜ ਰੁਪਏ ਹੈ ਪਰੰਤੂ ਵਾਸਤਵਿਕ ਬਜਟ ਦਾ ਆਕਾਰ 1,02,198 ਕਰੋੜ ਰੁਪਏ ਹੈ। ਇਸ ਵਿੱਚ ਮੌਜੂਦਾ ਉਪਾਅ ਤੇ ਸਾਧਨ ਲੈਣ-ਦੇਣ ਲਈ 27,500 ਕਰੋੜ ਰੁਪਏ ਦਾ ਬਜਟ ਵੀ ਸ਼ਾਮਿਲ ਹੈ। ਸਰਕਾਰ ਦੀਆਂ ਕੁੱਲ ਪ੍ਰਾਪਤੀਆਂ 1,22,923 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ ਤੇ ਮਾਲੀ ਘਾਟਾ 12,539 ਕਰੋੜ ਦਾ ਹੋਵੇਗਾ।