ਅੰਮ੍ਰਿਤਸਰ: ਜੱਲ੍ਹਿਆਂਵਾਲਾ ਬਾਗ਼ ਦੇ ਆਧੁਨਿਕੀਕਰਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਨੇ ਅੱਜ ਭੰਡਾਰੀ ਪੁਲ ਤੋਂ ਲੈ ਕੇ ਜੱਲ੍ਹਿਆਂਵਾਲਾ ਬਾਗ਼ ਤਕ ਰੋਸ ਮਾਰਚ ਕੱਢਿਆ।


ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਸਕੱਤਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਆਧੁਨਿਕੀਕਰਨ ਦੇ ਨਾਮ 'ਤੇ ਇਤਿਹਾਸਿਕ ਬਾਗ਼ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੰਧ 'ਤੇ ਲੱਗੇ ਗੋਲ਼ੀਆਂ ਦੇ ਨਿਸ਼ਾਨਾਂ ਨੂੰ ਮਿਟਾਉਣਾ ਨਹੀਂ ਜਾਣਾ ਚਾਹੀਦਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਸਾਡੇ ਪੁਰਖਿਆਂ 'ਤੇ ਜ਼ੁਲਮ ਕੀਤਾ ਗਿਆ ਸੀ।

ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਵਾਲੇ ਦਿਨ ਸ਼ਹੀਦ ਹੋਣ ਵਾਲੇ ਸਾਰੇ ਹੀ ਸ਼ਹੀਦਾਂ ਦੇ ਨਾਂ ਵੀ ਲਿਖੇ ਜਾਣ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਧਨਵੰਤ ਸਿੰਘ ਖ਼ਤਰਾਏ ਕਲਾਂ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਯਾਦ ਨੂੰ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਹੈ ਤੇ ਸ਼ਹੀਦੀ ਖੂਹ ਦੀ ਨਵੀਂ ਉਸਾਰੀ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਕੀਤਾ ਗਿਆ ਤਾਂ ਕਿਰਤੀ ਕਿਸਾਨ ਯੂਨੀਅਨ ਇਸ ਖ਼ਿਲਾਫ਼ ਸੰਘਰਸ਼ ਵਿੱਢੇਗੀ।