ਨਵੀਂ ਦਿੱਲੀ: ਕੋਰੋਨਾ ਇੱਕ ਵਾਰ ਫਿਰ ਦੇਸ਼ ’ਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਲਾਪ੍ਰਵਾਹੀ ਹੀ ਹੈ। ਦੇਸ਼ ਦੇ 90 ਫ਼ੀਸਦੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਤਾਂ ਹੈ ਕਿ ਇਸ ਮਹਾਮਾਰੀ ਦੀ ਲਾਗ ਤੋਂ ਬਚਣ ਲਈ ਮਾਸਕ ਦਾ ਕੀ ਮਹੱਤਵ ਹੈ ਪਰ ਕੇਵਲ 44 ਫ਼ੀਸਦੀ ਲੋਕ ਹੀ ਇਸ ਨੂੰ ਪਹਿਨਦੇ ਹਨ। ਦੇਸ਼ ਦੇ 50 ਫ਼ੀਸਦੀ ਲੋਕ ਮਾਸਕ ਪਹਿਨਦੇ ਹੀ ਨਹੀਂ।

 

ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਕੀਤੇ ਸਰਵੇਖਣ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕ ਕੋਰੋਨਾ ਵਿਰੁੱਧ ਸੁਰੱਖਿਆ ਲਈ ਜਾਰੀ ਦਿਸ਼ਾ-ਨਿਰਦੇਸ਼ਾਂ; ਖ਼ਾਸ ਕਰਕੇ ‘ਮਾਸਕ ਪਹਿਨਣ ਤੇ ਭੀੜ-ਭੜੱਕੇ ਤੋਂ ਬਚਣ’ ਦੇ ਨਿਯਮ ਦੀ ਪਾਲਣਾ ਨਹੀਂ ਕਰ ਰਹੇ।

 

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਦੀ ਪ੍ਰਧਾਨਗੀ ਹੇਠ 12 ਰਾਜਾਂ-ਮਹਾਰਾਸ਼ਟਰ, ਗੁਜਰਾਤ, ਹਰਿਆਦਾ, ਤਾਮਿਲ ਨਾਡੂ, ਛੱਤੀਸਗੜ੍ਹ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਜੰਮੂ-ਕਸ਼ਮੀਰ, ਕਰਨਾਟਕ, ਪੰਜਾਬ ਤੇ ਬਿਹਾਰ ਦੇ ਅਧਿਕਾਰੀਆਂ ਤੇ ਮਿਊਂਸਪਲ ਕਮਿਸ਼ਨਰਾਂ ਸਮੇਤ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ 46 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਸ਼ਾਮਲ ਸਨ। ਇਨ੍ਹਾਂ 12 ਰਾਜਾਂ ਨੂੰ ਕੋਰੋਨਾ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ।

 

ਕੇਂਦਰ ਨੇ ਰਾਜਾਂ ਨੂੰ ਸਖ਼ਤ ਹਦਾਇਤ ਜਾਰੀ ਕਰਦਿਆਂ ਕਿਹਾ ਕਿ 46 ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਵਧਦੀ ਦਰ ਉੱਤੇ ਪ੍ਰਭਾਵੀ ਰੋਕ ਲਾਉਣ ਤੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਕਰਕੇ ਘੱਟੋ-ਘੱਟ 14 ਦਿਨਾਂ ਤੱਕ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ; ਤਾਂ ਜੋ ਵਾਇਰਸ ਦੀ ਲਾਗ ਦੀ ਲੜੀ ਤੋੜਨ ਵਿੱਚ ਮਦਦ ਮਿਲ ਸਕੇ।

 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904