ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਸਾਲ ਦੇ ਆਪਣੇ ਤੀਜੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਇਹ ਇਸ ਪ੍ਰੋਗਰਾਮ ਦਾ 75ਵਾਂ ਐਪੀਸੋਡ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਜੰਗ ਵਿੱਚ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਕਿੰਨੇ ਹੀ ਤਸੀਹੇ ਝੱਲੇ। ਉਨ੍ਹਾਂ ਦੇ ਤਿਆਗ ਤੇ ਬਲੀਦਾਨ ਦੀਆਂ ਅਮਰ ਕਹਾਣੀਆਂ ਸਾਨੂੰ ਨਿਰੰਤਰ ਸਾਡਾ ਫ਼ਰਜ਼ ਚੇਤੇ ਕਰਵਾਉਂਦੀਆਂ ਹਨ।

 
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਮਹੀਨੇ ਪਹਿਲੀ ਵਾਰ ਲੋਕਾਂ ਨੇ ‘ਜਨਤਾ ਕਰਫ਼ਿਊ’ ਦਾ ਨਾਂ ਸੁਣਿਆ ਸੀ ਪਰ ਇਸ ਮਹਾਨ ਦੇਸ਼ ਦੀ ਮਹਾਨ ਪਰਜਾ ਦੀ ਮਹਾਂਸ਼ਕਤੀ ਦਾ ਅਨੁਭਵ ਵੇਖੋ, ਜਨਤਾ ਕਰਫ਼ਿਊ ਸਮੁੱਚੇ ਵਿਸ਼ਵ ਲਈ ਇੱਕ ਮਿਸਾਲ ਬਣ ਗਿਆ ਸੀ। ਆਉਣ ਵਾਲੀਆਂ ਪੀੜ੍ਹੀਆਂ ਇਸ ’ਤੇ ਜ਼ਰੂਰ ਮਾਣ ਕਰਨਗੀਆਂ।

 
ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਜਨਤਾ ਸਾਰਾ ਸਾਲ ਕੋਰੋਨਾ ਮਹਾਮਾਰੀ ਦੇ ਬਾਵਜੂਦ ਪੂਰੀ ਤਰ੍ਹਾਂ ਡਟੀ ਰਹੀ। ਕੋਰੋਨਾ ਨਾਲ ਲੜਾਈ ਦਾ ਇਹ ਮੰਤਰ ਜ਼ਰੂਰ ਚੇਤੇ ਰੱਖੋ ‘ਦਵਾਈ ਵੀ, ਕੜਾਈ ਵੀ’ (ਦਵਾਈ ਦੇ ਨਾਲ-ਨਾਲ ਸਖ਼ਤੀ ਵੀ)। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਧੀਆਂ ਅੱਜ ਹਰ ਥਾਂ ਆਪਣੀ ਵੱਖਰੀ ਪਛਾਣ ਬਣਾ ਰਹੀਆਂ ਹਨ। ਉਹ ਖੇਡਾਂ ’ਚ ਆਪਣੀ ਦਿਲਚਸਪੀ ਵਿਖਾ ਰਹੀਆਂ ਹਨ। ਮਿਤਾਲੀ ਜੀ ਪਿੱਛੇ ਜਿਹੇ ਕੌਮਾਂਤਰੀ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕੇਟਰ ਬਣੇ ਹਨ।

 
PM ਮੋਦੀ ਨੇ ਕਿਹਾ ਕਿ ਇਸੇ ਮਾਰਚ ਮਹੀਨੇ ਜਦੋਂ ਅਸੀਂ ਮਹਿਲਾ ਦਿਵਸ ਮਨਾ ਰਹੇ ਸਾਂ; ਤਦ ਕਈ ਖਿਡਾਰਨਾਂ ਨੇ ਤਮਗ਼ੇ ਤੇ ਰਿਕਾਰਡ ਆਪਣੇ ਨਾਂਅ ਕੀਤੇ ਹਨ। ਅੱਜ ਸਿੱਖਿਆ ਤੋਂ ਲੈ ਕੇ ਉਦਮੀ ਤੱਕ, ਹਥਿਆਰਬੰਦ ਬਲਾਂ ਤੋਂ ਲੈ ਕੇ ਵਿਗਿਆਨ ਤੇ ਟੈਕਨੋਲੋਜੀ ਤੱਕ ਹਰ ਥਾਂ ਦੇਸ਼ ਦੀਆਂ ਧੀਆਂ ਆਪਣੀ ਵੱਖਰੀ ਪਛਾਣ ਬਣਾ ਰਹੀਆਂ ਹਨ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ