ਵਾਰਾਨਸੀ (ਉੱਤਰ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਖ਼ੁਦ ਦੀ ਗ੍ਰਿਫ਼ਤਾਰੀ ਤੇ ਅੰਦੋਲਨ ਦੇ ਬਿਆਨ ਉੱਤੇ ‘ਆਮ ਆਦਮੀ ਪਾਰਟੀ’ (AAP) ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੁਨੀਆ ’ਚ ਭਾਰਤ ਦਾ ਅਕਸ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਹਾਸੋਹੀਣੀ ਗੱਲ ਕਰਕੇ ਪ੍ਰਧਾਨ ਮੰਤਰੀ ਮੋਦੀ ਖ਼ੁਦ ਨੂੰ ਗ਼ੈਰ ਗੰਭੀਰ ਬਣਾਉਂਦੇ ਹਨ।
AAP ਸੰਸਦ ਮੈਂਬਰ ਸੰਜੇ ਸਿੰਘ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਉੱਤਰ ਪ੍ਰਦੇਸ਼ ਦੇ ਵਾਰਾਨਸੀ ਪੁੱਜੇ ਸਨ। ਪਾਰਟੀ ਕਾਰਕੁੰਨਾਂ ਨਾਲ ਮੁਲਾਕਾਤ ਤੋਂ ਬਾਅਦ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵਿਅੰਗ ਕੱਸਿਆ। ਸੰਜੇ ਸਿੰਘ ਨੇ ਕਿਹਾ ਕਿ ਮੋਦੀ ਜੀ ਮਹਾਨ ਹਨ ਤੇ ਉਹ ਕੁਝ ਵੀ ਆਖ ਸਕਦੇ ਹਨ। ਉਹ ਹਰ ਜਗ੍ਹਾ ਮੌਜੂਦ ਰਹਿੰਦੇ ਹਨ, ਉਹ ਈਸ਼ਵਰ ਹਨ। ਜ਼ਿਕਰਯੋਗ ਹੈ ਕਿ ਮੋਦੀ ਨੇ ਬੰਗਲਾਦੇਸ਼ ਵਿੱਚ ਆਪਣੇ ਭਾਸ਼ਣ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਬੰਗਲਾਦੇਸ਼ ਦੀ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲਿਆ ਸੀ ਅਤੇ ਗ੍ਰਿਫ਼ਤਾਰੀ ਵੀ ਦਿੱਤੀ ਸੀ।
ਸੰਜੇ ਸਿੰਘ ਨੇ ਕਿਹਾ ਕਿ ਬੰਗਲਾਦੇਸ਼ ਦੀ ਆਜ਼ਾਦੀ ਲਈ ਪਾਕਿਸਤਾਨ ਨਾਲ ਤਾਂ ਭਾਰਤ ਸਰਕਾਰ ਲੜ ਰਹੀ ਸੀ, ਤਦ ਜੇ ਬੰਗਲਾਦੇਸ਼ ਦੀ ਆਜ਼ਾਦੀ ਲਈ ਪਾਕਿਸਤਾਨ ਨਾਲ ਜੰਗ ਹੋ ਰਹੀ ਸੀ, ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਸ ਨੇ ਕੀਤਾ ਸੀ? ਪਾਕਿਸਤਾਨ ਨੇ ਕੀਤਾ ਸੀ ਕਿ ਭਾਰਤ ਸਰਕਾਰ ਨੇ ਕੀਤਾ ਸੀ?
ਸੰਜੇ ਸਿੰਘ ਨੇ ਉੱਤਰ ਪ੍ਰਦੇਸ਼ ’ਚ ਜ਼ਿਲ੍ਹਾ ਪੰਚਾਇਤ ਚੋਣਾਂ ਬਾਰੇ ਕਿਹਾ ਕਿ ਉਨ੍ਹਾਂ ਦੀ ‘ਆਮ ਆਦਮੀ ਪਾਰਟੀ’ ਲਗਭਗ ਸਾਰੀਆਂ ਜ਼ਿਲ੍ਹਾ ਪੰਚਾਇਤ ਸੀਟਾਂ ਉੱਤੇ ਚੋਣ ਲੜੇਗੀ। ਜ਼ਿਲ੍ਹਾ ਪੰਚਾਇਤ ਦੀ ਸਫ਼ਲਤਾ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਰੱਖੇਗੀ।
ਜ਼ਿਲ੍ਹਾ ਪੰਚਾਇਤ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਵੇਖਣ ਲਈ 6 ਮਹੀਨਿਆਂ ਦਾ ਸਮਾਂ ਮਿਲੇਗਾ ਤੇ ਉਸ ਤੋਂ ਬਾਅਦ ਵਧੀਆ ਕਾਰਗੁਜ਼ਾਰੀ ਵਾਲੇ ਉਮੀਦਵਾਰਾਂ ਨੂੰ ਵਿਧਾਨ ਸਭਾ ਚੋਣਾਂ ਲੜਾਉਣ ਬਾਰੇ ਵਿਚਾਰ ਕੀਤਾ ਜਾਵੇਗਾ।