ਪ੍ਰਯਾਗਰਾਜ: ਸਪੈਸ਼ਲ ਟਾਸਕ ਫੋਰਸ 'ਚ ਤਾਇਨਾਤ ਦਰੋਗਾ ਨਾਲ ਵਿਆਹ ਦੇ ਨਾਂ 'ਤੇ ਧੋਖਾ ਹੋ ਗਿਆ। ਇਸ ਦੀ ਸ਼ਿਕਾਇਤ ਕਰਦਿਆਂ ਉਸ ਨੇ ਆਪਣੀ ਪਤਨੀ, ਸੱਸ-ਸੋਹਰੇ ਖਿਲਾਫ ਕੈਂਟ ਥਾਣੇ 'ਚ ਕੇਸ ਦਰਜ ਕਰਵਾਇਆ ਹੈ। ਉਸ ਦਾ ਇਲਜ਼ਾਮ ਹੈ ਕਿ ਜਿਸ ਔਰਤ ਨਾਲ ਉਸ ਦਾ ਵਿਆਹ ਹੋਇਆ ਹੈ, ਉਹ ਅਸਲ 'ਚ ਕਿੰਨਰ (ਖੁਸਰਾ) ਹੈ ਤੇ ਉਸ ਦੇ ਸੁਹਰੇ ਪਰਿਵਾਰ ਨੇ ਇਹ ਗੱਲ ਉਸ ਤੋਂ ਲੁਕਾਈ।


ਇੰਨਾ ਹੀ ਨਹੀਂ ਪੀੜਤ ਦੀ ਪਤਨੀ ਨੇ ਵੀ ਦਰੋਗਾ ਖਿਲਾਫ ਪ੍ਰਤਾਪਗੜ੍ਹ ਦੀ ਸਦਰ ਕੋਤਵਾਲੀ 'ਚ ਦਹੇਜ ਦਾ ਮਾਮਲਾ ਦਰਜ ਕਰਵਾ ਦਿੱਤਾ। ਇਸ 'ਤੇ ਆਈਜੀ ਕੇਪੀ ਸਿੰਘ ਨੇ ਕਿਹਾ ਕਿ ਦਰੋਗਾ ਦੀ ਪਤਨੀ ਦਾ ਮੈਡੀਕਲ ਹੋਵੇਗਾ ਜਿਸ ਤੋਂ ਬਾਅਦ ਇਲਜ਼ਾਮਾਂ ਦੀ ਸਚਾਈ ਦਾ ਪਤਾ ਲੱਗ ਸਕੇਗਾ।

ਦੱਸ ਦਈਏ ਕਿ ਦਰੋਗਾ ਦਾ ਵਿਆਹ 5 ਅਕਤੂਬਰ, 2019 ਨੂੰ ਪ੍ਰਤਾਪਗੜ੍ਹ ਦੇ ਬੇਲਹਾ ਦੇਵੀ ਮੰਦਰ 'ਚ ਹੋਇਆ ਸੀ। ਦਰੋਗਾ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਕੁੜੀ ਕਿੰਨਰ ਹੈ। ਉਧਰ ਮਹਿਲਾ ਦਾ ਕਹਿਣਾ ਹੈ ਕਿ ਵਿਆਹ ਤੋਂ ਚਾਰ ਦਿਨ ਬਾਅਦ ਹੀ ਉਸ ਨੂੰ ਦਹੇਜ ਲਈ ਤੰਗ ਕੀਤਾ ਜਾਣ ਲੱਗਿਆ। ਉਸ ਦੇ ਪਤੀ ਨੇ ਉਸ ਨਾਲ ਗੈਰ-ਕੁਦਰਤੀ ਤਰੀਕੇ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ, ਇਨਕਾਰ ਕਰਨ 'ਤੇ ਮਹਿਲਾ ਨਾਲ ਕੁੱਟਮਾਰ ਕੀਤੀ ਗਈ।

ਉਧਰ, ਕੁੜੀ ਨੇ ਕਿੰਨਰ ਹੋਣ ਦੀ ਗੱਲ ਤੋਂ ਸਾਫ ਇਨਕਾਰ ਕੀਤਾ ਹੈ। ਜਦਕਿ ਮਹਿਲਾ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਧੀ ਕਦੇ ਮਾਂ ਨਹੀਂ ਬਣ ਸਕਦੀ ਜਿਸ ਬਾਰੇ ਉਨ੍ਹਾਂ ਨੇ ਦਰੋਗਾ ਨੂੰ ਵਿਆਹ ਤੋਂ ਪਹਿਲਾਂ ਦੱਸ ਦਿੱਤਾ ਸੀ। ਦਰੋਗਾ ਦਾ ਇਹ ਦੂਜਾ ਵਿਆਹ ਹੈ, ਪਹਿਲੇ ਵਿਆਹ ਤੋਂ ਉਸ ਦੇ ਦੋ ਬੱਚੇ ਹਨ।