ਨਵੀਂ ਦਿੱਲੀ: ਇਨਸਾਨ ਦੀ ਛੋਟੀ ਜਿਹੀ ਗਲਤੀ ਉਸ ਨੂੰ ਮੁਸੀਬਤ 'ਚ ਪਾ ਸਕਦੀ ਹੈ। ਅਜਿਹਾ ਹੀ ਕੁਝ ਗੁੜਗਾਂਵ 'ਚ ਰਹਿਣ ਵਾਲੇ ਇੰਜਨੀਅਰ ਨਾਲ ਹੋਇਆ। ਇੰਜਨੀਅਰ ਦੇ ਘਰ ਅੱਗ ਲੱਗ ਗਈ, ਜਿਸ ਨੂੰ ਬੜੀ ਹੀ ਮੁਸ਼ੱਕਤ ਨਾਲ ਬੁਝਾਇਆ ਗਿਆ।

ਦਰਅਸਲ ਇੰਜਨੀਅਰ ਨੇ ਡਿਊਟੀ ਤੋਂ ਵਾਪਸ ਪਰਤ ਕੇ ਇਲੈਕਟ੍ਰਿਕ ਕੰਬਲ ਦਾ ਸੱਵਿਚ ਆਨ ਕਰ ਦਿੱਤਾ। ਇਸ ਦਰਮਿਆਨ ਉਹ ਦੂਸਰੇ ਕਮਰੇ 'ਚ ਚਲਾ ਗਿਆ। ਉਸ ਨੂੰ ਕੰਬਲ ਦਾ ਸੱਵਿਚ ਬੰਦ ਕਰਨ ਬਾਰੇ ਭੁੱਲ ਗਿਆ ਤੇ ਉੱਥੇ ਹੀ ਸੌਂ ਗਿਆ। ਉਸ ਦੀ ਇਸ ਗਲਤੀ ਕਾਰਨ ਹੌਲ਼ੀ-ਹੌਲ਼ੀ ਕੰਬਲ ਗਰਮ ਹੁੰਦਾ ਰਿਹਾ ਤੇ ਉਸ ਨੂੰ ਅੱਗ ਲੱਗ ਗਈ।

ਅੱਗ ਨੇ ਕਮਰੇ 'ਚ ਪਏ ਸਾਮਾਨ ਨੂੰ ਆਪਣੀ ਚਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ। ਸਵੇਰੇ ਲੋਕਾਂ ਨੇ ਦੇਖਿਆ ਕਿ ਇੰਜਨੀਅਰ ਦੇ ਘਰ 'ਚੋਂ ਧੂੰਆਂ ਨਿਕਲ ਰਿਹਾ ਹੈ। ਅੱਗ ਨੇ ਪੂਰੇ ਕਮਰੇ ਨੂੰ ਚਪੇਟ 'ਚ ਲੈ ਲਿਆ ਸੀ ਤੇ ਅੱਗ ਦੀਆਂ ਲਪਟਾਂ ਬਾਹਰ ਨਿਕਲਣ ਲੱਗ ਪਈਆਂ। ਉਨ੍ਹਾਂ ਮਕਾਨ ਮਾਲਕ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੈਡ ਨੂੰ ਫੋਨ ਕੀਤਾ ਗਿਆ। ਪੁਲਿਸ ਅਧਿਕਾਰੀ ਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੇ। ਤਕਰੀਬਨ ਇੱਕ ਘੰਟਾ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਨਾਲ ਜੂਝਦੇ ਰਹੇ। ਕਮਰੇ 'ਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।