ਪੁਣੇ: ਪੁਣੇ ਦੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਨੈਸ਼ਨਲ ਇੰਸਟੀਚਿਉਟ ਆਫ਼ ਵਾਯੋਲੋਜੀ ਦੇ ਵਿਗਿਆਨੀਆਂ ਨੇ ਪਹਿਲੀ ਵਾਰ ਕੋਰੋਨਾਵਾਇਰਸ ਦੀਆਂ ਤਸਵੀਰਾਂ ਦਾ ਖੁਲਾਸਾ ਕੀਤਾ ਹੈ। ਇਹ ਫੋਟੋ ਟ੍ਰਾਂਸਮਿਸ਼ਨ ਇਲੈਕਟ੍ਰੌਨ ਮਾਈਕਰੋਸਕੋਪ ਇਮੇਜਿੰਗ ਦੀ ਮਦਦ ਨਾਲ ਲਈ ਗਈ ਹੈ। ਉਨ੍ਹਾਂ ਨੂੰ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ਦੇ ਲੇਟੇਸਟ ਐਡੀਸ਼ਨ ‘ਚ ਦਿਖਾਇਆ ਗਿਆ ਹੈ। ਇਹ ਤਸਵੀਰ ਭਾਰਤ ਦੇ ਪਹਿਲੇ ਕੋਰੋਨਾ ਸਕਾਰਾਤਮਕ ਮਰੀਜ਼ ਦੀ ਗਰਦਨ ਤੋਂ ਲਏ ਗਏ ਨਮੂਨੇ ਤੋਂ ਲਈ ਗਈ ਹੈ।
ਦੇਸ਼ ਵਿੱਚ ਵਾਇਰਸ ਦਾ ਪਹਿਲਾ ਕੇਸ ਕੇਰਲ ਵਿੱਚ 30 ਜਨਵਰੀ, 2020 ਨੂੰ ਰਿਪੋਰਟ ਹੋਇਆ ਸੀ। ਸੰਕਰਮਿਤ ਔਰਤ ਉਨ੍ਹਾਂ ਤਿੰਨ ਵਿਦਿਆਰਥੀਆਂ ਚੋਂ ਇੱਕ ਸੀ ਜੋ ਚੀਨ ਦੇ ਵੁਹਾਨ ਸ਼ਹਿਰ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਕੇਰਲ ਤੋਂ ਆਏ ਇਨ੍ਹਾਂ ਨਮੂਨਿਆਂ ਦੀ ਜੀਨ ਸੀਕਨਸਿੰਗ ਨੈਸ਼ਨਲ ਇੰਸਟੀਚਿਊਟ ਆਫ਼ ਵਾਯੋਲੋਜੀ ਵਿਖੇ ਕੀਤੀ ਗਈ ਸੀ। ਇਹ ਪਾਇਆ ਗਿਆ ਕਿ ਭਾਰਤ ‘ਚ ਪਾਇਆ ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ‘ਚ ਪਾਏ ਜਾਣ ਵਾਲੇ ਵਾਇਰਸ ਦੇ 99.98 ਪ੍ਰਤੀਸ਼ਤ ਨਾਲ ਮੇਲ ਖਾਂਦਾ ਹੈ।
ਦੱਸ ਦੇਈਏ ਕਿ ਕੋਰੋਨਾਵਾਇਰਸ ਦਾ ਇਲਾਜ ਅਜੇ ਤੱਕ ਨਹੀਂ ਮਿਲਿਆ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਵਿਗਿਆਨੀ ਇਸ ਵਾਇਰਸ ਦਾ ਇਲਾਜ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਵਿੱਚ ਯੂਐਸ ਨੇ ਵੇਕਸਿਨ ਤਿਆਰ ਕੀਤੀ ਹੈ, ਜਿਸਦਾ ਨਤੀਜਾ ਅਜੇ ਆਉਣਾ ਬਾਕੀ ਹੈ। ਭਾਰਤੀ ਵਿਗਿਆਨੀਆਂ ਵੱਲੋਂ ਇਸ ਵਾਇਰਸ ਦੇ ਸੂਖਮ ਫੋਟੋ ਨੇ ਇਸ ਦੇ ਇਲਾਜ ਪ੍ਰਤੀ ਅਗਲੇ ਅਧਿਐਨ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਵਿਗਿਆਨੀ ਇਸ ਵਾਇਰਸ ਬਾਰੇ ਪਤਾ ਲਗਾ ਰਹੇ ਹਨ ਅਤੇ ਜਾਂਚ ਕਰ ਰਹੇ ਹਨ ਕਿ ਇਹ ਮਹਾਮਾਰੀ ਕਿਵੇਂ ਫੈਲ ਰਹੀ ਹੈ।