ਪਰਥ: ਦੱਖਣੀ-ਪੂਰਬੀ ਆਸਟ੍ਰੇਲੀਆ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੋ ਛੋਟੇ ਜਹਾਜ਼ਾਂ ਦੀ ਟੱਕਰ ਹੋਣ ਨਾਲ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵੇਂ ਜਹਾਜ਼ਾਂ ਦਾ ਮਲਬਾ ਮੈਦਾਨ 'ਚ ਚਾਰੋਂ ਪਾਸੇ ਫੈਲ ਗਿਆ। ਵਿਕਟੋਰੀਆ ਦੀ ਰਾਜਧਾਨੀ ਮੈਲਬਰਨ 'ਚ ਹੋਏ ਇਸ ਹਾਦਸੇ ਵਾਲੀ ਥਾਂ 'ਤੇ ਪੁਲਿਸ ਤੇ ਹੋਰ ਐਮਰਜੰਸੀ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ।
ਵਿਕਟੋਰੀਆ ਪੁਲਿਸ ਨੇ ਇੱਕ ਬਿਆਨ 'ਚ ਕਿਹਾ ਕਿ ਦੋਵੇਂ ਜਹਾਜ਼ਾਂ 'ਚ ਮੌਜੂਦ ਦੋ-ਦੋ ਲੋਕਾਂ ਦੀ ਹਾਦਸੇ 'ਚ ਮੌਤ ਹੋ ਗਈ ਹੈ। ਫਿਲਹਾਲ ਮਰਨ ਵਾਲਿਆਂ ਦੀ ਅਜੇ ਪਛਾਣ ਨਹੀਂ ਹੋ ਸਕੀ। ਸਥਾਨਕ ਮੀਡੀਆ ਵੱਲੋਂ ਜਾਰੀ ਤਸਵੀਰਾਂ 'ਚ ਦੋ ਛੋਟੇ ਜਹਾਜ਼ਾਂ ਦਾ ਮਲਬਾ ਦਿਖਾਈ ਦੇ ਰਿਹਾ ਹੈ। ਸਿਵਲ ਐਵੀਏਸ਼ਨ ਅਥਾਰਿਟੀ ਆਸਟ੍ਰੇਲੀਆਈ ਟਰਾਂਸਪੋਰਟ ਸੈਫਟੀ ਬਿਊਰੋ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।