ਬਠਿੰਡਾ: ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਬੀਤੇ ਦਿਨੀਂ ਯੁੱਧ ਅਭਿਆਸ ਦੇ ਦੌਰਾਨ ਹੋਏ ਵਿਸਫੋਟਕ ਧਮਾਕੇ ਵਿੱਚ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦਾ ਜਵਾਨ ਜੁਗਰਾਜ ਸਿੰਘ ਸ਼ਹੀਦ ਹੋ ਗਿਆ। ਉਨ੍ਹਾਂ ਦਾ ਅੱਜ ਪਿੰਡ ਸੇਖਪੁਰਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਥੇ ਸਸਕਾਰ ਮੌਕੇ ਫੋਜ, ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਰਾਜਨੀਤੀਕ, ਧਰਾਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਉਥੇ ਹੀ ਸ਼ਹੀਦ ਨੂੰ ਅਗਨੀ ਉਨ੍ਹਾਂ ਦੇ ਪਿਤਾ ਅਤੇ ਭੈਣ ਵਲੋਂ ਦਿੱਤੀ ਗਈ।

 

ਮਹਾਜਨ ਫੀਲਡ ਫਾਇਰਿੰਗ ਰੇਂਜ ਦੇ ਸਾਊਥ ਕੈਂਪ ਨਾਂ ਦੇ ਇਲਾਕੇ ਵਿੱਚ 23 ਸਿੱਖ ਬਟਾਲੀਅਨ ਦੇ ਫੌਜੀ ਯੁੱਧ ਅਭਿਆਸ ਦੀ ਤਿਆਰੀ ਕਰ ਰਹੇ ਸੀ। ਇਸ ਸਮੇਂ ਬਾਰੂਦ ਦਾ ਇੱਕ ਧਮਾਕਾ ਹੋਣ ਨਾਲ ਦੋ ਜਵਾਨ ਜ਼ਖਮੀ ਹੋ ਗਏ ਸੀ। ਇਸ ਵਿੱਚ ਇੱਕ ਪਿੰਡ ਸ਼ੇਖਪੁਰਾ ਦਾ ਫੌਜੀ ਜਵਾਨ ਜੁਗਰਾਜ ਸਿੰਘ ਵੀ ਸੀ ਜੋ ਕਿ ਜ਼ਖਮੀ ਹੋਣ ਕਰਕੇ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸੀ। ਪਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਿਆ। ਸ਼ਹੀਦ ਆਪਣੇ ਮਾਤਾ ਪਿਤਾ ਦਾ ਇਕੱਲੋਤਾ ਪੁੱਤਰ ਸੀ। ਜੋ ਕਿ ਕਰੀਬ 7 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। 

 



 

ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਮਹੋਲ ਗਮਗੀਨ ਹੋ ਗਿਆ। ਫੌਜੀ ਟੁਕੜੀ ਨੇ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਫੌਜ ਦੀ ਗੱਡੀ ਵਿੱਚ ਸਰਕਾਰੀ ਸਨਮਾਨਾਂ ਨਾਲ ਸ਼ਮਸ਼ਾਨ ਘਾਟ ਵਿੱਚ ਲਿਆਂਦਾ। ਜਿਥੇ ਫੌਜ ਵਲੋਂ ਸਲਾਮੀ ਦੇਣ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਰਧਾਂਜਲੀ ਭੇਟ ਕੀਤੀ। ਫੌਜ ਦੇ ਅਧਿਕਾਰੀਆਂ ਰਾਹੁਲ ਅਗਰਵਾਲ 23 ਸਿੱਖ ਨੇ ਕਿਹਾ ਕਿ ਸ਼ਹੀਦ ਜੁਗਰਾਜ ਸਿੰਘ ਬਹੁਤ ਬਹਾਦਰ ਸੀ ਤੇ ਆਖਰ ਤੱਕ ਉਹ ਮੌਤ ਨਾਲ ਜ਼ਿੰਦਗੀ ਦੀ ਲੜਾਈ ਲੜਦਾ ਰਿਹਾ। 

 

ਸ਼ਹੀਦ ਦੀ ਭੈਣ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਪਰਿਵਾਰ ਦੀ ਬਹੁਤ ਫਿਕਰ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਛੁੱਟੀ ਆਉਣ ਸਮੇਂ ਹੀ ਮਿਲਦਾ ਸੀ। ਸ਼ਹੀਦ ਦੇ ਪਿਤਾ ਮੇਜਰ ਸਿੰਘ ਨੇ ਦੱਸਿਆ ਕਿ ਸ਼ਹੀਦ ਨੇ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਨ੍ਹਾਂ ਨਾਲ ਦਿਨ ਰਾਤ ਦਿਹਾੜੀ ਕਰਕੇ ਮਿਹਨਤ ਕੀਤੀ ਤੇ ਆਪਣੀ ਭੈਣ ਦੀ ਪੜਾਈ ਲਈ ਰਾਤਾਂ ਨੂੰ ਵੀ ਕੰਮ ਕਰਦਾ ਸੀ।