ਚੰਡੀਗੜ੍ਹ: ਹਰਿਆਣਾ ’ਚ ਕਿਸਾਨ ਅੰਦੋਲਨ ਦੇ ਚੱਲਦਿਆਂ ਬੀਜੇਪੀ ਤੇ ਜੇਜੇਪੀ ਸਰਕਾਰ ਖਤਰੇ ਵਿੱਚ ਹੈ। ਸੱਤਾਧਿਰ ਦੇ ਕਿਸਾਨੀ ਨਾਲ ਜੁੜੇ ਵਿਧਾਇਕਾਂ ਉੱਪਰ ਬੇਹੱਦ ਦਬਾਅ ਹੈ। ਇਸੇ ਦਰਮਿਆਨ ਹਰਿਆਣਾ ਕਾਂਗਰਸ ਦੇ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਵੱਡਾ ਬਿਆਨ ਦਿੱਤਾ ਹੈ।


'ਏਬੀਪੀ ਨਿਊਜ਼' ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਹੈ ਕਿ ਹਰਿਆਣਾ ’ਚ ਕਾਂਗਰਸ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ, ਜਨਨਾਇਕ ਜਨਤਾ ਪਾਰਟੀ (ਜੇਜੇਪੀ) ਤੇ ਕਈ ਆਜ਼ਾਦ ਵਿਧਾਇਕ ਇਸ ਵੇਲੇ ਕਾਂਗਰਸ ਦੇ ਸੰਪਰਕ ਵਿੱਚ ਹਨ।


ਕੁਮਰੀ ਸ਼ੈਲਜਾ ਨੇ ਦੋਸ਼ ਲਾਇਆ ਕਿ ਖੱਟਰ ਸਰਕਾਰ ਆਪਣਾ ਭਰੋਸਾ ਗੁਆ ਚੁੱਕੀ ਹੈ ਤੇ ਕਾਂਗਰਸ ਰਾਜ ਵਿੱਚ ਸਿਆਸੀ ਖ਼ਲਾਅ ਨਹੀਂ ਛੱਡੇਗੀ। ਕੁਮਾਰੀ ਸ਼ੈਲਜਾ ਨੇ ਕਿਹਾ,‘ਸਮਾਂ ਅਜਿਹਾ ਆ ਗਿਆ ਹੈ ਕਿ ਹਰਿਆਣਾ ਸਰਕਾਰ ਆਪਣਾ ਭਰੋਸਾ ਗੁਆ ਚੁੱਕੀ ਹੈ। ਬੀਤੇ ਦਿਨੀਂ ਖ਼ੁਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਆਪਣੇ ਹੀ ਜੱਦੀ ਜ਼ਿਲ੍ਹੇ ’ਚ ਹੀ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਹੋਇਆ। ਹਰਿਆਣਾ ਦੇ ਲੋਕ ਹੁਣ ਭਾਜਪਾ ਤੋਂ ਦੂਰ ਜਾ ਚੁੱਕੇ ਹਨ।’




ਇਸ ਤੋਂ ਪਹਿਲਾਂ ਕੁਮਾਰੀ ਸ਼ੈਲਜਾ ਨੇ ਅੱਜ ਟਵੀਟ ਕਰ ਕੇ ਭਾਜਪਾ-ਜਜਪਾ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਲਿਖਿਆ ‘ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਤੋਂ ਨਾਕਾਮ ਹੋ ਚੁੱਕੀ ਭਾਜਪਾ-ਜਜਪਾ ਸਰਕਾਰ ਕੋਲ ਨਾ ਤਾਂ ਕੋਈ ਨੀਤੀ ਹੈ ਤੇ ਨਾ ਹੀ ਨੀਅਤ।   34 ਹਜ਼ਾਰ ਅਧਿਆਪਕਾਂ ਦੀ ਕਮੀ ਦੇ ਬਾਵਜੂਦ ਕੋਈ ਭਰਤੀ ਨਹੀਂ। ਕੀ ਬਿਨਾ ਅਧਿਆਪਕਾਂ ਦੇ ਸੂਬੇ ਦੇ ਵਿਦਿਆਰਥੀਆਂ ਦਾ ਭਵਿੱਖ ਸੁਆਰੇਗੀ ਸਰਕਾਰ?’


ਦੱਸ ਦੇਈਏ ਕਿ ਹਰਿਆਣਾ ’ਚ ਭਾਜਪਾ ਸਰਕਾਰ ਨੂੰ ਫ਼ਿਲਹਾਲ ਜਨਤਾ ਪਾਰਟੀ ਤੇ ਕਈ ਆਜ਼ਾਦ ਵਿਧਾਇਕਾਂ ਦੀ ਹਮਾਇਤ ਹਾਸਲ ਹੈ। ਹਰਿਆਣਾ ’ਚ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ ਹਨ। ਬਹੁਮੱਤ ਲਈ 46 ਸੀਟਾਂ ਚਾਹੀਦੀਆਂ ਹਨ। ਭਾਜਪਾ ਕੋਲ 40 ਸੀਟਾਂ ਹਨ ਤੇ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਦੀਆਂ 10 ਸੀਟਾਂ ਨਾਲ ਸਰਕਾਰ ਕਾਇਮ ਹੈ।