ਚੇਨਈ: ਅਗਲੇ ਸਾਲ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਮੱਕਲ ਨਿਧੀ ਮਯਯਮ (ਐਮਐਨਐਮ) ਦੇ ਮੁਖੀ ਕਮਲ ਹਸਨ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਪਰ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ਪੀਐਮ ਮੋਦੀ ‘ਤੇ ਹਮਲਾ ਬੋਲਿਆ। ਹਾਸਨ ਨੇ ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦੇ ਨੀਂਹ ਪੱਥਰ ਬਾਰੇ ਸਵਾਲ ਕੀਤਾ।
ਕਮਲ ਹਾਸਨ ਨੇ ਟਵਿੱਟਰ 'ਤੇ ਲਿਖਿਆ, "ਜਦੋਂ ਚੀਨ ਦੀ ਮਹਾਨ ਕੰਧ ਬਣਾਈ ਜਾ ਰਹੀ ਸੀ ਤਾਂ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ, ਉਸ ਸਮੇਂ ਦੇ ਸ਼ਾਸਕਾਂ ਨੇ ਕਿਹਾ ਸੀ ਕਿ ਇਹ ਲੋਕਾਂ ਦੀ ਰੱਖਿਆ ਲਈ ਹੈ। ਹੁਣ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦੀ ਅੱਧੀ ਆਬਾਦੀ ਭੁੱਖੀ ਹੈ, ਲੋਕ ਆਪਣੀ ਜਾਨ ਗੁਆ ਰਹੇ ਹਨ, ਤਾਂ ਕਿਸ ਦੀ ਰੱਖਿਆ ਲਈ ਤੁਸੀਂ 1000 ਕਰੋੜ ਰੁਪਏ ਦੀ ਸੰਸਦ ਬਣਾ ਰਹੇ ਹੋ? ਮੇਰੇ ਸਤਿਕਾਰਤ ਚੁਣੇ ਗਏ ਪ੍ਰਧਾਨ ਮੰਤਰੀ ਜਵਾਬ ਦਿਓ।"
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 10 ਦਸੰਬਰ ਨੂੰ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ। ਇਹ ਇਮਾਰਤ ਕਰੀਬ 64500 ਵਰਗ ਜ਼ਮੀਨ 'ਤੇ ਨਿਰਮਾਣ ਕੀਤੀ ਜਾ ਰਹੀ ਹੈ ਅਤੇ ਇਸ 'ਤੇ ਕਰੀਬ 971 ਕਰੋੜ ਰੁਪਏ ਦੀ ਲਾਗਤ ਆਵੇਗੀ। ਹਾਲਾਂਕਿ ਪੁਰਾਣੇ ਸੰਸਦ ਭਵਨ ਨੂੰ ਅਜੇ 100 ਸਾਲ ਵੀ ਪੂਰੇ ਨਹੀਂ ਹੋਏ, ਪਰ ਇਸ ਤੋਂ ਪਹਿਲਾਂ ਹੀ ਨਵਾਂ ਸੰਸਦ ਭਵਨ ਭਾਰਤ ਵਿੱਚ ਤਿਆਰ ਹੋ ਜਾਵੇਗਾ। ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਦੇ ਮੈਂਬਰਾਂ ਲਈ 888 ਸੀਟਾਂ ਹੋਣਗੀਆਂ।
ਇਸ ਤੋਂ ਇਲਾਵਾ ਰਾਜ ਸਭਾ ਮੈਂਬਰਾਂ ਲਈ 326 ਤੋਂ ਵੱਧ ਸੀਟਾਂ ਹੋਣਗੀਆਂ। 1224 ਮੈਂਬਰਾਂ ਦੇ ਇਕੱਠੇ ਬੈਠਣ ਦਾ ਪ੍ਰਬੰਧ ਵੀ ਹੋਵੇਗਾ। ਇਸ ਤੋਂ ਇਲਾਵਾ ਹਰ ਮੈਂਬਰ ਲਈ 400 ਵਰਗ ਫੁੱਟ ਦਾ ਦਫਤਰ ਵੀ ਇਸ ਨਵੀਂ ਇਮਾਰਤ 'ਚ ਹੋਵੇਗਾ। ਨਵੀਂ ਸੰਸਦ ਪੁਰਾਣੀ ਸੰਸਦ ਨਾਲੋਂ ਲਗਭਗ 17 ਹਜ਼ਾਰ ਵਰਗ ਮੀਟਰ ਵੱਡੀ ਹੈ। ਇਹ ਸੰਸਦ ਭਵਨ 2022 ਤੱਕ ਤਿਆਰ ਹੋ ਜਾਵੇਗਾ। ਨਵੇਂ ਸੰਸਦ ਭਵਨ ਵਿੱਚ ਸਾਰੇ ਸੰਸਦ ਮੈਂਬਰਾਂ ਲਈ ਦਫ਼ਤਰ ਤਿਆਰ ਕੀਤਾ ਜਾਵੇਗਾ, ਇਹ 2024 ਤੱਕ ਤਿਆਰ ਹੋ ਜਾਵੇਗਾ। ਹਾਲਾਂਕਿ, ਦੁਨੀਆ ਵਿੱਚ ਬਹੁਤ ਸਾਰੀਆਂ ਸੰਸਦ ਦੀਆਂ ਇਮਾਰਤਾਂ ਹਨ ਜੋ ਭਾਰਤ ਨਾਲੋਂ ਵੀ ਕਿਤੇ ਪੁਰਾਣੀਆਂ ਹਨ।