ਚੰਡੀਗੜ੍ਹ: ਪਾਕਿਸਤਾਨ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅੱਤਵਾਦੀ ਹਰਮੀਤ ਸਿੰਘ ਉਰਫ ਹੈਪੀ ਪੀਐਚਡੀ ਦੇ ਕਤਲ ਤੋਂ ਬਾਅਦ ਭਾਰਤ ਦੀਆਂ ਖੁਫੀਆ ਏਜੰਸੀਆਂ ਚੌਕਸ ਹਨ। ਬੁੱਧਵਾਰ ਨੂੰ ਕੇਂਦਰੀ ਅਤੇ ਰਾਜ ਖੁਫੀਆ ਵਿੰਗ ਨੇ ਪੰਜਾਬ ਲਈ ਹਾਈ ਅਲਰਟ ਜਾਰੀ ਕੀਤਾ ਹੈ। ਖੁਫੀਆ ਪ੍ਰਣਾਲੀ ਨੂੰ ਡਰ ਹੈ ਕਿ ਉਸ ਦੇ ਸਮਰਥਕ ਪੀਐਚਡੀ ਦੀ ਕਤਲ ਤੋਂ ਬਾਅਦ ਨਾਰਾਜ਼ ਹਨ ਅਤੇ ਉਹ ਪੰਜਾਬ ਦੇ ਸਰਹੱਦੀ ਖੇਤਰ 'ਚ ਕਿਸੇ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਸ ਲਈ ਇੰਟੈਲੀਜੈਂਸ ਨੇ ਅਲਰਟ ਜਾਰੀ ਕਰਕੇ ਚੌਕਸ ਰਹਿਣ ਲਈ ਕਿਹਾ ਹੈ।


ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਏਜੰਸੀਆਂ ਨਾਲ ਡੀਜੀਪੀ ਦਿਨਕਰ ਗੁਪਤਾ ਨੇ ਮੀਟਿੰਗ ਕੀਤੀ। ਇਸ ਮੀਟਿੰਗ 'ਚ ਕੇਂਦਰ ਦੀਆਂ ਗੁਪਤ ਏਜੰਸੀਆਂ ਵੱਲੋਂ ਜਾਣਕਾਰੀ ਸ਼ੇਅਰ ਕੀਤੀ ਗਈ ਕਿ ਪੰਜਾਬ ਦੇ ਅੱਤਵਾਦੀ ਪਾਕਿਸਤਾਨ ਵਿਚ ਰਹਿ ਰਹੇ ਹਨ। ਡੀਜੀਪੀ ਦਾ ਕਹਿਣਾ ਹੈ ਕਿ ਹਰਮੀਤ ਪਿਛਲੇ ਕੁਝ ਸਾਲਾਂ ਤੋਂ ਪੰਜਾਬ 'ਚ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ। ਇਨ੍ਹਾਂ 'ਚ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਸਾਧ ਉਨ੍ਹਾਂ ਦਾ ਕਤਲ ਵੀ ਸ਼ਾਮਲ ਹੈ।

ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ ਅਤੇ ਪਰਮਜੀਤ ਸਿੰਘ ਪੰਜਵੜ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇਟਲੀ, ਜਰਮਨ ਅਤੇ ਕਨੇਡਾ 'ਚ ਰਹਿੰਦੇ ਸਾਬਕਾ ਅੱਤਵਾਦੀਆਂ ਦੇ ਸੰਪਰਕ 'ਚ ਹਨ। ਉਨ੍ਹਾਂ ਨੂੰ ਵਿਦੇਸ਼ ਤੋਂ ਫੰਡ ਮਿਲ ਰਹੇ ਹਨ। ਹਰਮੀਤ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਵੀ ਸੁਰੱਖਿਅਤ ਕੀਤਾ ਸੀ। ਉਸਦੀ ਸੁਰੱਖਿਆ ਪਿਛਲੇ ਇੱਕ ਸਾਲ ਤੋਂ ਵਾਪਸ ਲੈ ਲਈ ਗਈ ਸੀ।

ਇਸ ਦੇ ਨਾਲ ਹੀ ਕੁਝ ਅਜਿਹੇ ਪਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਵੀ ਮਿਲੇ ਹਨ, ਜਿੱਥੇ ਇਹ ਅੱਤਵਾਦੀ ਠਹਿਰੇ ਹੋਏ ਹਨ।