ਚੰਡੀਗੜ੍ਹ: ਐਸਆਈ ਹਰਜੀਤ ਸਿੰਘ ਨੂੰ ਵੀਰਵਾਰ ਨੂੰ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਇਸ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਵੀਡੀਓ ਟਵਿੱਟ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਹਰਜੀਤ ਸਿੰਘ ਦੇ ਹੱਥ ਦੇ ਅਪ੍ਰੇਸ਼ਨ ਨੂੰ ਦੋ ਹਫ਼ਤੇ ਹੋ ਗਏ ਹਨ। ਮੈਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਉਹ ਠੀਕ ਹੋ ਰਿਹਾ ਹੈ ਤੇ ਉਸਦੇ ਹੱਥ ਨੇ ਮੁੜ ਮੁਮੈਂਟ ਸ਼ੁਰੂ ਕਰ ਦਿੱਤੀ ਹੈ।



ਉਂਝ ਵੀਰਵਾਰ ਦਾ ਦਿਨ ਐਸਆਈ ਹਰਜੀਤ ਸਿੰਘ ਲਈ ਵੱਡੀ ਖ਼ਬਰ ਲੈ ਕੇ ਆਇਆ ਹੈ। ਇੱਕ ਤਾਂ ਉਹ ਪੀਜੀਆਈ ਤੋਂ ਘਰ ਪਰਤ ਗਿਆ। ਜਿਸ ਨੂੰ ਮਿਲਣ ਖੁਦ ਡੀਜੀਪੀ ਦਿਨਕਰ ਗੁਪਤਾ ਗਏ ਸੀ। ਇਸ ਦੇ ਨਾਲ ਹੀ ਡੀਜੀਪੀ ਗੁਪਤਾ ਨੇ ਉਸ ਨੂੰ ਇੱਕ ਹੋਰ ਵੱਡੀ ਖ਼ਬਰ ਦਿੱਤੀ ਕਿ ਉਸ ਦੇ ਪੁੱਤਰ ਅਰਸ਼ਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਵਿਚ ਕਾਂਸਟੇਬਲ ਬਣਾਇਆ ਗਿਆ ਹੈ। ਡੀਜੀਪੀ ਦਿਨਕਰ ਗੁਪਤਾ ਨੇ ਖ਼ੁਦ ਪੁੱਤਰ ਦਾ ਨਿਯੁਕਤੀ ਪੱਤਰ ਹਰਜੀਤ ਸਿੰਘ ਨੂੰ ਸੌਂਪਿਆ।



ਦੱਸ ਦਇਏ ਕੀ 12 ਅਪਰੈਲ ਨੂੰ ਪਟਿਆਲਾ ਸਬਜੀ ਮੰਡੀ ‘ਚ ਕਰਫਿਊ ਦੌਰਾਨ ਨਿਹੰਗਾਂ ਨੇ ਏਐਸਆਈ ਹਰਜੀਤ ਸਿੰਘ ‘ਤੇ ਹਮਲਾ ਕਰਕੇ ਉਨ੍ਹਾਂ ਦਾ ਹੱਥ ਵੱਢ ਦਿੱਤਾ ਸੀ। ਜਿਸ ਤੋਂ ਬਾਅਦ ਪੀਜੀਆਈ ਦੇ ਨੌ ਡਾਕਟਰਾਂ ਦੀ ਟੀਮ ਨੇ ਕਰੀਬ ਸਾਢੇ ਸੱਤ ਘੰਟਿਆਂ ਦੇ ਆਪ੍ਰੇਸ਼ਨ ‘ਚ ਉਸ ਦਾ ਹੱਥ ਜੋੜਣ ‘ਚ ਕਾਮਯਾਬੀ ਹਾਸਲ ਕੀਤੀ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਹਰਜੀਤ ਸਿੰਘ ਨੂੰ ਬਹਾਦਰੀ ਲਈ ਸਬ ਇੰਸਪੈਕਟਰ ਦੇ ਅਹੁਦੇ ਲਈ ਤਰੱਕੀ ਦਿੱਤੀ।