ਬਠਿੰਡਾ: ਹਰਜਿੰਦਰ ਕੌਰ ਅੱਜ ਇੱਕ ਕਾਮਯਾਬ ਕਿਸਾਨ ਬਣ ਚੁੱਕੀ ਹੈ। ਖੇਤੀ ਕਰਨ ਦੇ ਨਾਲ ਹੀ ਉਹ ਮੰਡੀਆਂ 'ਚ ਫਸਲ ਵੇਚਣ ਆਪ ਜਾਂਦੀ ਹੈ। ਲੋਹੜੀ ਮੌਕੇ ਬਠਿੰਡਾ 'ਚ ਆਈਆਈਐਫਪੀਟੀ 'ਚ ਹੋਏ ਸਮਾਗਮ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਸ ਨੂੰ ਬੈਸਟ ਕਿਸਾਨ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ।


ਹਰਜਿੰਦਰ ਨੇ 20 ਸਾਲ ਦੀ ਉਮਰ ਤੋਂ ਖੇਤੀ ਕਰਨੀ ਸ਼ੁਰੂ ਕੀਤੀ ਸੀ ਜਿਸ ਦਾ ਕਾਰਨ ਸੀ ਪਰਿਵਾਰ 'ਤੇ ਦੁਖਾਂ ਦਾ ਹੜ੍ਹ ਆਉਣਾ। ਪਹਿਲਾਂ ਪਿਓ ਦੀ ਮੌਤ ਫੇਰ ਭਰਾਵਾਂ ਦੀ ਮੌਤ ਨੇ ਹਰਜਿੰਦਰ 'ਤੇ ਪਰਿਵਾਰ ਨੂੰ ਸੰਭਾਲਣ ਦਾ ਬੋਝ ਪਾ ਦਿੱਤਾ। ਆਰਥਿਕ ਦਿੱਕਤਾਂ ਕਰਕੇ ਹਰਜਿੰਦਰ ਨੇ ਖੇਤੀ ਕਰਨੀ ਸ਼ੁਰੂ ਕੀਤੀ। ਇਸ ਬਾਰੇ ਹਰਜਿੰਦਰ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਧੀ 'ਤੇ ਮਾਣ ਹੈ।

ਉਧਰ, ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਜ਼ਿੰਦਗੀ 'ਚ ਕਦੇ ਵੀ ਹਿਮੰਤ ਨਹੀਂ ਹਾਰਨੀ ਚਾਹੀਦੀ। ਪਿਓ ਤੇ ਭਰਾਵਾਂ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਆਪ ਸੰਭਾਲਣ ਦੀ ਜ਼ਿੰਮੇਵਾਰੀ ਲਈ। ਢੇਡ ਸਾਲ ਉਹ ਖੁਦ ਵੀ ਬਿਮਾਰੀ ਮੰਜੇ 'ਤੇ ਪਈ ਰਹੀ ਤੇ ਆਰਥਿਕ ਹਾਲਤਾਂ ਨਾਲ ਖੇਤੀ ਦਾ ਸੰਦ ਵਿੱਕ ਗਿਆ। ਜਿਸ ਤੋਂ ਬਾਅਦ ਘਰ ਦੇ ਨੇੜਲੇ ਲੋਕਾਂ ਨੇ ਉਸ ਦੀ ਮਦਦ ਕੀਤੀ ਤੇ ਉਸ ਨੇ ਆਪਣੀ ਜ਼ਿੰਦਗੀ ਬਦਲ ਲਈ।