ਬਠਿੰਡਾ: ਲੋਕ ਸਭਾ ਹਲਕਾ ਬਠਿੰਡਾ ਤੋਂ ਸਾਂਸਦ ਹਰਸਿਮਰਤ ਬਾਦਲ ਨੂੰ ਪਾਰਟੀ ਵਿੱਚੋਂ ਮੁਅੱਤਲ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਢੀਂਡਸਾ ਦਾ ਬੁਹਤ ਫਿਕਰ ਹੈ। ਪਰਮਿੰਦਰ ਢੀਂਡਸਾ ਦੇ ਅਸਤੀਫ਼ੇ 'ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਪਾਰਟੀ 'ਚ ਉਨ੍ਹਾਂ ਦਾ ਭਵਿੱਖ ਬਹੁਤ ਵਧੀਆ ਸੀ ਪਰ ਅੱਜ ਪਰਿਵਾਰਕ ਦਬਾਅ ਕਾਰਨ ਉਨ੍ਹਾਂ ਨੂੰ ਆਪਣਾ ਭਵਿੱਖ ਖ਼ਰਾਬ ਕਰਨਾ ਪਿਆ ਹੈ।

ਇਸ ਦੌਰਾਨ ਉਨ੍ਹਾਂ ਸੁਖਦੇਵ ਸਿੰਘ ਢੀਂਡਸਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਮਾਂ-ਪਿਓ ਨੇ ਆਪ ਤਾਂ ਸਾਰੇ ਲਾਹੇ ਲਏ, ਪਰ ਜਦ ਬੱਚਿਆਂ ਦੀ ਤਰੱਕੀ ਕਰਨ ਦਾ ਸਮਾਂ ਆਇਆ ਤਾਂ ਉਨ੍ਹਾਂ ਉਪਰ ਦਬਾਅ ਪਾ ਕੇ ਆਪਣੀ ਸਿਆਸੀ ਖੇਡ ਖੇਡਦੇ ਹਨ। ਉਨ੍ਹਾਂ ਦਾ ਇਸ਼ਾਰਾ ਸੀ ਕਿ ਪਰਮਿੰਦਰ ਢੀਂਡਸਾ ਨੇ ਆਪਣੇ ਪਿਤਾ ਦੇ ਦਬਾਅ ਕਰਕੇ ਹੀ ਵਿਧਾਇਕ ਦਲ ਦੇ ਲੀਡਰ ਵਜੋਂ ਅਸਤੀਫਾ ਦਿੱਤਾ ਹੈ।

ਇਸ ਮੌਕੇ ਹਰਮਿਮਰਤ ਨੇ ਕਿਹਾ ਕਿ ਕਾਂਗਰਸ ਇਹ ਧਿਆਨ ਰੱਖੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਫ਼ਤਰ ਜਾਣ ਤੇ ਲੋਕਾਂ ਦੇ ਕੰਮ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਨੂੰ ਸ਼ਾਇਦ ਉਨ੍ਹਾਂ ਦੀ ਅਟੈਂਡਸ ਮਿਲਦੀ ਹੈ ਕਿ ਕੌਣ ਕਿੱਥੇ ਜਾਂਦਾ ਹੈ ਤੇ ਕੌਣ ਨਹੀਂ।

ਅਕਾਲੀ ਦਲ ਪ੍ਰਾਈਵੇਟ ਲਿਮਟਿਡ ਦੇ ਸਵਾਲ 'ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਕਾਂਗਰਸ ਦੇ ਅਜਿਹਾ ਕਹਿਣ ਨਾਲ ਕੁਝ ਨਹੀਂ ਹੁੰਦਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਚੋਣ ਮੈਨੀਫੇਸਟੋ ਵਿੱਚ ਜੋ ਵਾਅਦੇ ਕੀਤੇ ਗਏ ਸੀ, ਉਸ ਵੱਲ ਧਿਆਨ ਦਿੱਤਾ ਜਾਵੇ।