ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹਮਲੇ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਅੱਜ ਫੇਸਬੁੱਕ, ਗੂਗਲ, ਵ੍ਹੱਟਸਐਪ ਤੇ ਐਪਲ ਨੂੰ ਨੋਟਿਸ ਜਾਰੀ ਕੀਤੇ ਹਨ। ਦਿੱਲੀ ਹਾਈਕੋਰਟ ਨੇ ਇਸ ਹਿੰਸਾ ਨਾਲ ਜੁੜੇ ਸਾਰੇ ਮੋਬਾਈਲ ਵੀਡੀਓ ਫੁਟੇਜ਼, ਸੀਸੀਟੀਵੀ ਫੁਟੇਜ਼ ਤੇ ਹੋਰ ਸਬੂਤ ਸੁਰੱਖਿਅਤ ਰੱਖਣ ਲਈ ਕਿਹਾ ਹੈ। ਜੇਐਨਯੂ ਦੇ ਤਿੰਨ ਪ੍ਰੋਫੈਸਰਾਂ ਨੇ ਸੀਸੀਟੀਵੀ ਫੁਟੇਜ਼, ਵ੍ਹੱਟਸਐਪ ਚੈਟ ਤੇ ਹੋਰ ਸਬੂਤਾਂ ਨੂੰ ਸੁਰੱਖਿਅਤ ਰੱਖਣ ਲਈ ਦਿੱਲੀ ਹਾਈਕੋਰਟ 'ਚ ਪਟੀਸ਼ਨ ਪਾਈ ਸੀ।


ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ‘ਚ ਵ੍ਹੱਟਸਐਪ ਗਰੁੱਪ ‘ਏਕਤਾ ਖ਼ਿਲਾਫ਼ ਖੱਬੇਪੱਖੀ’ ਤੇ ‘ਫਰੈਂਡਜ਼ ਆਫ ਆਰਐਸਐਸ’ ਨਾਲ ਜੁੜੇ ਲਿੰਕਾਂ ਦੇ ਨਾਲ-ਨਾਲ ਕੇਸ ਨਾਲ ਜੁੜੇ ਹੋਰ ਸਬੂਤਾਂ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਈ ਹੈ।


ਇਸ ਦੇ ਨਾਲ ਹੀ, ਹਿੰਸਾ ਤੋਂ ਬਾਅਦ ਅੱਜ ਜੇਐਨਯੂ ‘ਚ ਕਲਾਸਾਂ ਸ਼ੁਰੂ ਹੋ ਗਈਆਂ ਹਨ। ਜੇਐਨਯੂ ‘ਚ ਕਲਾਸਾਂ 5 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਸੀ। ਇਸ ਤੋਂ ਪਹਿਲਾਂ ਜੇਐਨਯੂ ਪ੍ਰਸ਼ਾਸਨ ਨੇ ਇੱਕ ਨੋਟਿਸ ਜਾਰੀ ਕੀਤਾ ਸੀ ਕਿ ਸੋਮਵਾਰ ਯਾਨੀ 7 ਦਿਨ ਬਾਅਦ ਕਲਾਸਾਂ ਸ਼ੁਰੂ ਹੋਣਗੀਆਂ। ਨੋਟਿਸ ‘ਚ ਵਿਦਿਆਰਥੀਆਂ ਨੂੰ ਕਲਾਸਾਂ ਬਾਰੇ ਜਾਣਕਾਰੀ ਦਿੰਦੇ ਹੋਏ, ਦਿੱਲੀ ਤੋਂ ਬਾਹਰ ਰਹਿੰਦੇ ਵਿਦਿਆਰਥੀਆਂ ਨੂੰ ਵਾਪਸ ਆਉਣ ਲਈ ਵੀ ਕਿਹਾ ਗਿਆ ਹੈ।