ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫਨੇ ਨੂੰ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਮੋਦੀ ਸਰਕਾਰ ਨੇ ਦੂਜੀ ਵਾਰ ਦੇਸ਼ ਦੀ ਕਮਾਨ ਸੰਭਾਲਦਿਆਂ 2024 ਤੱਕ ਭਾਰਤ ਦੀ ਆਰਥਿਕਤਾ ਨੂੰ ਪੰਜ ਖ਼ਰਬ ਡਾਲਰ ਦੀ ਬਣਾਉਣ ਦਾ ਦਾਅਵਾ ਕੀਤਾ ਸੀ। ਉਧਰ ਜਿਸ ਤਰੀਕੇ ਨਾਲ ਆਰਥਿਕ ਵਿਕਾਸ ਦਰ ਹੇਠਾਂ ਆ ਰਹੀ ਹੈ, ਉਸ ਤੋਂ ਸਪਸ਼ਟ ਹੈ ਕਿ ਮੋਦੀ ਦਾ ਸੁਫਨਾ ਪੂਰਾ ਹੋਣਾ ਔਖਾ ਹੈ।


ਇਸ ਬਾਰੇ ਉੱਘੇ ਅਰਥਸ਼ਾਸਤਰੀ ਆਰ. ਨਾਗਰਾਜ ਦਾ ਕਹਿਣਾ ਹੈ ਕਿ ਭਾਰਤ ਨੂੰ 2024 ਤੱਕ ਪੰਜ ਖ਼ਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਹਾਸਲ ਕਰਨ ਲਈ ਨੌਂ ਫ਼ੀਸਦ ਦੀ ਵਿਕਾਸ ਦਰ ਹਾਸਲ ਕਰਨੀ ਪਵੇਗੀ। ਅੰਦਾਜ਼ੇ ਮੁਤਾਬਕ ਇਸ ਵੇਲੇ ਭਾਰਤ ਦੀ ਆਰਥਿਕਤਾ 2.8 ਖ਼ਰਬ ਅਮਰੀਕੀ ਡਾਲਰ ਦੇ ਨੇੜੇ-ਤੇੜੇ ਹੈ। ਇਸ ਲਈ ਮੋਦੀ ਦਾ ਸੁਫਨਾ ਪੂਰਾ ਹੋਣਾ ਕਾਫੀ ਔਖਾ ਹੈ।

ਇੰਦਰਾ ਗਾਂਧੀ ਇੰਸਟੀਚਿਊਟ ਆਫ਼ ਡਿਵੈਲਪਮੈਂਟ ਰਿਸਰਚ ’ਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਨਾਗਰਾਜ ਨੇ ਕਿਹਾ ਕਿ ਜੇ ਕੋਈ ਕਹੇ ਕਿ ਇਹ ਅਸੰਭਵ ਨਹੀਂ ਤਾਂ ਰਿਕਾਰਡ ਦੇਖਣ ’ਤੇ ਤਾਂ ਇਹੀ ਲੱਗਦਾ ਹੈ ਕਿ ਟੀਚਾ ਤਿੜਕ ਰਿਹਾ ਹੈ। ਵਿਕਾਸ ਦਰ ਲਗਾਤਾਰ ਡਿੱਗ ਰਹੀ ਹੈ। ਮੌਜੂਦਾ ਵਿੱਤੀ ਕੁਆਰਟਰ ਵਿੱਚ ਹੀ ਭਾਰਤ ਦੀ ਜੀਡੀਪੀ 11 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ ਤੇ ਪੰਜ ਫ਼ੀਸਦ ਹੈ। ਨਿਰਮਾਣ ਤੇ ਉਸਾਰੀ ਖੇਤਰ ਮਾੜੇ ਦੌਰ ’ਚੋਂ ਗੁਜ਼ਰ ਰਹੇ ਹਨ।

ਵਪਾਰ ’ਚ ਤਣਾਅ ਵਧਣ ਦੇ ਮੱਦੇਨਜ਼ਰ ਪ੍ਰੋਫੈਸਰ ਨੇ ਕਿਹਾ ਕਿ ਮੌਜੂਦਾ ਸਥਿਤੀ ਬਦਲਣ ਦੇ ਅਸਾਰ ਬਹੁਤ ਘੱਟ ਹਨ। ਭਾਰਤ ਵਿੱਚੋਂ ਬਰਾਮਦ ਵੀ ਘਟੀ ਹੈ। ਨਾਗਰਾਜ ਨੇ ਕਿਹਾ ਕਿ ਵਿਆਜ ਦਰਾਂ ਘਟਾਉਣ ਦਾ ਵੀ ਬਹੁਤ ਫਾਇਦਾ ਨਹੀਂ ਹੋਇਆ ਤੇ ਹੋਰ ਵਿੱਤੀ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖੀ ਬਜਟ ’ਚ ਨਿਵੇਸ਼ ਉੱਤੇ ਜ਼ੋਰ ਦਿੱਤਾ ਜਾਵੇਗਾ।