ਨਵੀਂ ਦਿੱਲੀ: ਦਿੱਲੀ ਦੇ ਸ਼ਾਹੀਨ ਬਾਗ ਖੇਤਰ 'ਚ ਪਿਛਲੇ ਇੱਕ ਮਹੀਨੇ ਤੋਂ ਨਾਗਰਿਕਤਾ ਸੋਧ ਐਕਟ ਤੇ ਐਨਆਰਸੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕੱਲ੍ਹ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਹੈਰਾਨੀਜਨਕ ਨਜ਼ਾਰਾ ਵੇਖਣ ਨੂੰ ਮਿਲਿਆ। ਅਸਲ 'ਚ ਇੱਥੇ ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਭਾਈਚਾਰੇ ਦੇ ਲੋਕ ਇਕੱਠੇ ਬੈਠੇ ਤੇ ਆਪੋ ਆਪਣੇ ਧਰਮਾਂ ਦੇ ਵਿਸ਼ਵਾਸ ਮੁਤਾਬਕ ਪੂਜਾ ਕਰਦੇ ਨਜ਼ਰ ਆਏ। ਇਸ ਪੂਜਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸੰਸਦ ਵੱਲੋਂ ਸਿਟੀਜ਼ਨਸ਼ਿਪ ਸੋਧ ਕਾਨੂੰਨ ਨੂੰ ਪਾਸ ਹੋਏ ਨੂੰ ਲਗਪਗ ਇੱਕ ਮਹੀਨਾ ਹੋ ਗਿਆ ਹੈ। ਬੀਤੀ ਸ਼ਾਮ ਸ਼ਾਹੀਨ ਬਾਗ 'ਚ ਦਸ ਹਜ਼ਾਰ ਤੋਂ ਵੱਧ ਲੋਕਾਂ ਦਾ ਸੈਲਾਬ ਸੀ। ਸਰਿਤਾ ਵਿਹਾਰ-ਕਲਿੰਡੀ ਕੁੰਜ ਰੋਡ 'ਤੇ ਕਾਫੀ ਭੀੜ ਸੀ। ਵੱਡੀ ਗਿਣਤੀ 'ਚ ਲੋਕ ਇੱਥੇ ਸ਼ਾਹੀਨ ਬਾਗ ਦੀਆਂ ਔਰਤਾਂ ਦਾ ਸਮਰਥਨ ਕਰਨ ਪਹੁੰਚੇ।

ਇਸ ਦੇ ਨਾਲ ਹੀ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਤੇ ਸੁਭਾਸ਼ ਚੋਪੜਾ ਵੀ ਕੱਲ੍ਹ ਧਰਨੇ ਪ੍ਰਦਰਸ਼ਨ 'ਤੇ ਬੈਠੇ ਲੋਕਾਂ ਦਾ ਸਮਰਥਨ ਕਰਨ ਪਹੁੰਚੇ। ਸ਼ਸ਼ੀ ਥਰੂਰ ਸ਼ਾਹੀਨ ਬਾਗ ਜਾਣ ਤੋਂ ਪਹਿਲਾਂ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਕੋਲ ਗਏ।

ਇੱਥੇ ਸ਼ਸ਼ੀ ਥਰੂਰ ਨੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨਾਲ ਇਕਜੁੱਟਤਾ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਖ਼ਿਲਾਫ਼ 15 ਦਸੰਬਰ ਦੀ ਪੁਲਿਸ ਕਾਰਵਾਈ ‘ਰਾਸ਼ਟਰ ’ਤੇ ਇੱਕ ਧੱਬਾ' ਹੈ। ਇੱਥੇ ਜਾਣ ਤੋਂ ਬਾਅਦ ਸ਼ਸ਼ੀ ਥਰੂਰ ਮੈਟਰੋ ਰਾਹੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਪਹੁੰਚੇ ਤੇ ਇੱਥੇ ਉਨ੍ਹਾਂ ਵਿਦਿਆਰਥੀਆਂ ਨਾਲ ਇਕਜੁੱਟਤਾ ਦਿਖਾਈ।