ਅੰਮ੍ਰਿਤਸਰ: ਦੇਸ਼ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਖੇਤੀ ਆਰਡੀਨੈਂਸਾਂ ਬਾਰੇ ਕਿਸਾਨਾਂ ਨੂੰ ਜੋ ਭਰੋਸਾ ਰੱਖਣ ਅਤੇ ਸਮਝਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦਾ ਪੰਜਾਬ ਦੇ ਕਿਸਾਨਾਂ 'ਤੇ ਫਿਲਹਾਲ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਕਿਸਾਨ ਆਗੂਆਂ ਦਾ ਗੁੱਸਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਕਿਸਾਨ 24 ਸਤੰਬਰ ਨੂੰ ਜਿੱਥੇ ਰੇਲ ਰੋਕੋ ਅੰਦੋਲਨ ਦੀ ਤਿਆਰੀ ਕਰ ਰਹੇ ਹਨ, ਉੱਥੇ ਹੀ 25 ਸਤੰਬਰ ਦੇ ਬੰਦ ਨੂੰ ਵੀ ਸਫਲ ਬਣਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ।


ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਨ੍ਹਾਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਇਹ ਸਪਸ਼ਟ ਹੈ ਕਿ ਮੰਡੀ ਸਿਸਟਮ ਖ਼ਤਮ ਹੋ ਜਾਏਗਾ ਅਤੇ ਸੂਬੇ ਦੀਆਂ ਮੰਡੀਆਂ ਤਬਾਹ ਹੋ ਜਾਣਗੀਆਂ। ਜਿਸ ਤੋਂ ਬਾਅਦ ਦਿੱਤੇ ਕਿਸਾਨਾਂ ਦੀ ਫਸਲ ਬਹੁਤ ਘੱਟ ਰੇਟਾਂ 'ਤੇ ਨਿੱਜੀ ਅਦਾਰਿਆਂ ਵੱਲੋਂ ਖਰੀਦੀ ਜਾਵੇਗੀ ਅਤੇ ਇਹ ਕਿਸਾਨੀ ਨੂੰ ਬਹੁਤ ਜਲਦ ਖਤਮ ਕਰ ਦੇਵੇਗਾ।


ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਹਨ ਇਹ ਖੋਖਲੇ ਦਾਅਵੇ ਹਨ ਕਿਉਂਕਿ ਕਾਲਾ ਬਾਜ਼ਾਰੀ ਇਸ ਦੇ ਨਾਲ ਜੰਗੀ ਪੱਧਰ 'ਤੇ ਵਧੇਗੀ। ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਐਮਐਸਪੀ ਬਾਰੇ ਜੋ ਭਰੋਸਾ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾ ਰਿਹਾ ਹੈ ਉਸ ਦੀ ਬਜਾਏ ਕਿਸਾਨ ਤਾਂ ਇਹ ਆਖ ਰਹੇ ਹਨ ਕਿ ਉਨ੍ਹਾਂ ਦੀ ਫਸਲ ਸਹੀ ਭਾਅ 'ਤੇ ਖਰੀਦਣ ਦੀ ਗਾਰੰਟੀ ਬਾਰੇ ਪ੍ਰਧਾਨ ਮੰਤਰੀ ਸਪੱਸ਼ਟ ਕਰਨ ਕਿਉਂਕਿ ਕਾਰਪੋਰੇਟ ਅਦਾਰਿਆਂ ਵੱਲੋਂ ਮਨਮਰਜ਼ੀ ਦੇ ਨਾਲ ਖਰੀਦ ਕੀਤੀ ਜਾਵੇਗੀ।


ਸਰਵਣ ਸਿੰਘ ਪੰਧੇਰ ਨੇ ਪ੍ਰਧਾਨ ਮੰਤਰੀ ਵੱਲੋਂ ਖੇਤੀ ਸੈਕਟਰ ਵਿੱਚ ਨਿਵੇਸ਼ ਵਧਣ ਦੇ ਕੀਤੇ ਦਾਅਵੇ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਇਹ ਤਾਂ ਸਪਸ਼ਟ ਕਰਨ ਕਿ ਪਹਿਲਾਂ ਦੂਜੇ ਖੇਤਰਾਂ ਵਿੱਚ ਕੀ-ਕੀ ਨਿਵੇਸ਼ ਹੋਇਆ ਹੈ। ਪੰਧੇਰ ਨੇ ਕਿਹਾ ਕਿ ਕਿਸਾਨ ਇਨ੍ਹਾਂ ਆਰਡੀਨੈਂਸਾਂ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ, ਪਰ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ ਜਿਸ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਤਾਨਾਸ਼ਾਹੀ ਰਵੱਈਆ ਅਖਤਿਆਰ ਕਰ ਰਹੇ ਹਨ। ਸਾਰਿਆਂ ਦਾ ਇਕ ਹੀ ਮਕਸਦ ਹੈ ਕਿ ਜਿਨ੍ਹਾਂ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਕਿਸਾਨੀ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰਨਗੀਆਂ ਅਤੇ ਇਸ ਨੂੰ ਦਿਨ ਪ੍ਰਤੀ ਦਿਨ ਤੇਜ਼ ਵੀ ਕਰਨਗੀਆਂ।