ਕਰਨਾਲ: ਕਿਸਾਨਾਂ 'ਤੇ ਹੋਏ ਲਾਠੀਚਾਰਜ ਸਬੰਧੀ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ ਅਤੇ ਵੱਖ -ਵੱਖ ਰਾਜਾਂ ਦੇ ਕਿਸਾਨ ਇਸ ਮੀਟਿੰਗ ਵਿੱਚ ਪਹੁੰਚ ਰਹੇ ਹਨ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਵੀ ਇਸ ਮੀਟਿੰਗ ਵਿੱਚ ਪਹੁੰਚੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੰਦੋਲਨ ਨੂੰ ਅੱਗੇ ਕਿਵੇਂ ਲਿਜਾਇਆ ਜਾਵੇ ਇਸ ਬਾਰੇ ਅੱਜ ਫੈਸਲਾ ਲਿਆ ਜਾਵੇਗਾ। 


 


ਉਨ੍ਹਾਂ ਕਿਹਾ ਅਸੀਂ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਸੰਬੰਧ ਵਿੱਚ ਰਣਨੀਤੀ ਬਣਾਵਾਂਗੇ। ਸਰਕਾਰ ਨਾਲ ਲੜਨ ਲਈ ਜੋ ਯੋਜਨਾ ਬਣਾਈ ਜਾਵੇਗੀ, ਉਸ ਦਾ ਸਰਕਾਰ 'ਤੇ ਅਸਰ ਪਵੇਗਾ। ਸਰਕਾਰ ਤੋਂ ਅਜੇ ਤੱਕ ਕੋਈ ਮੰਗ ਨਹੀਂ ਕੀਤੀ ਗਈ ਪਰ ਅਸੀਂ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਾਂਗੇ।


 


ਗੁਰਨਾਲ ਚੜੂਨੀ ਨੇ ਕਿਹਾ ਮੈਂ ਰਾਏਪੁਰ ਜਾਟਾਨ ਦੇ ਕਿਸਾਨ ਦੇ ਘਰ ਗਿਆ ਸੀ ਜਿਸ ਦੀ ਮੌਤ ਹੋ ਗਈ। ਉੱਥੋਂ ਦੇ ਹਾਲਾਤ ਦੱਸ ਰਹੇ ਹਨ ਕਿ ਉਨ੍ਹਾਂ ਦੀ ਮੌਤ ਲਾਠੀਚਾਰਜ ਕਾਰਨ ਹੋਈ ਹੈ। ਕਾਨੂੰਨ ਲੱਤਾਂ ਦੇ ਹੇਠਾਂ ਡੰਡੇ ਮਾਰਨ ਦਾ ਹੈ, ਪਰ ਉਹ ਸਿਰ 'ਤੇ ਇਹ ਡੰਡੇ ਮਾਰ ਰਹੇ ਹਨ। ਉਨ੍ਹਾਂ ਕਿਹਾ ਦੁਸ਼ਯੰਤ ਚੌਟਾਲਾ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੈ, ਜੋ ਵੀ ਕਾਰਵਾਈ ਹੈ ਤੁਰੰਤ ਕੀਤੀ ਜਾਣੀ ਚਾਹੀਦੀ ਹੈ। 


 


ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਰੱਖੀ ਗਈ ਹੈ। ਹਾਲਾਂਕਿ, ਇਹ ਵੇਖਦੇ ਹੋਏ ਕਿ ਕਿਸਾਨ ਮੁੱਖ ਮੰਤਰੀ ਦਾ ਵਿਰੋਧ ਕਰ ਸਕਦੇ ਹਨ, ਪ੍ਰੈਸ ਕਲੱਬ ਦੇ ਬਾਹਰ ਪੁਲਿਸ ਦੇ ਜਬਰਦਸਤ ਪ੍ਰਬੰਧ ਕੀਤੇ ਗਏ ਹਨ। 

 

ਕਿਸਾਨਾਂ ਨੇ ਸ਼ਨੀਵਾਰ ਨੂੰ ਕਰਨਾਲ ਵਿੱਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਮੁੱਖ ਮੰਤਰੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਪ੍ਰੈਸ ਕਲੱਬ ਪਹੁੰਚਣ ਤੋਂ ਪਹਿਲਾਂ ਦੋ ਔਰਤਾਂ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਪ੍ਰੈਸ ਕਲੱਬ ਦੇ ਬਾਹਰ ਪਹੁੰਚ ਗਈਆਂ ਸਨ, ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।